ਮੁੱਖ ਮੰਤਰੀ ਵਜੋਂ ਮੇਰਾ ਹਰੇਕ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ-ਚੰਨੀ ਵੱਲੋਂ ਤਹੱਈਆ

 ਮੁੱਖ ਮੰਤਰੀ ਦਫ਼ਤਰ, ਪੰਜਾਬ


ਮੁੱਖ ਮੰਤਰੀ ਵਜੋਂ ਮੇਰਾ ਹਰੇਕ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ-ਚੰਨੀ ਵੱਲੋਂ ਤਹੱਈਆ


ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ


 ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 28 ਸਤੰਬਰ  


        ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਣ ਕੀਤਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਹਰੇਕ ਕੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਅਤੇ ਸੋਚ ਮੁਤਾਬਕ ਹੋਵੇਗਾ।



        ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਖੇ ਵੀ ਗਏ। ਮਹਾਨ ਸ਼ਹੀਦ ਦੇ ਘਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਜੱਦੀ ਘਰ ਦੇ ਪ੍ਰਵੇਸ਼ ਦੁਆਰ ਉਤੇ ਸਿਰ ਝੁਕਾ ਕੇ ਸਿਜਦਾ ਕੀਤਾ।


        ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਵਿਖੇ ਵਿਜ਼ਟਰ ਬੁੱਕ ਵਿੱਚ ਮੁੱਖ ਮੰਤਰੀ ਨੇ ਭਾਵੁਕ ਸੁਨੇਹਾ ਦਰਜ ਕਰਦਿਆਂ ਲਿਖਿਆ, "ਧੰਨ ਹੈ ਇਹ ਥਾਂ ਜਿਸ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵਰਗਾ ਨੇਤਾ ਪੈਦਾ ਕੀਤਾ। ਏਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕਿ ਮੈਨੂੰ ਬੇਹੱਦ ਖੁਸ਼ੀ ਹੋਈ। ਮੈਂ ਇਹ ਹਲਫ਼ ਲੈਂਦਾਂ ਹਾਂ ਕਿ ਬਤੌਰ ਮੁੱਖ ਮੰਤਰੀ ਮੈਂ ਹਰ ਕੰਮ ਏਸ ਸੋਚ ਨਾਲ ਕਰਾਂਗਾ ਕਿ ਸ. ਭਗਤ ਸਿੰਘ ਮੈਨੂੰ ਦੇਖ ਰਿਹਾ ਹੈ।"  



        ਮੁੱਖ ਮੰਤਰੀ ਨੇ ਆਪਣੀ ਫੇਰੀ ਦੌਰਾਨ ਕਿਹਾ ਕਿ ਇਸ ਪਵਿੱਤਰ ਧਰਤੀ ਉਤੇ ਕੌਮੀ ਆਜ਼ਾਦੀ ਸੰਘਰਸ਼ ਖਾਤਰ ਆਪਣਾ ਜੀਵਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਸ. ਚੰਨੀ ਨੇ ਕਿਹਾ ਕਿ ਉਹ ਸ਼ਹੀਦ-ਏ-ਆਜ਼ਮ ਦੇ ਸੁਪਨੇ ਸਾਕਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸ. ਚੰਨੀ ਨੇ ਕਿਹਾ ਕਿ ਦੇਸ਼ ਹਮੇਸ਼ਾ ਹੀ ਮਹਾਨ ਸ਼ਹੀਦ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਮੁਲਕ ਨੂੰ ਬਰਤਾਨਵੀ ਸਾਮਰਾਜ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਲਈ 23 ਵਰ੍ਹਿਆਂ ਦੀ ਜਵਾਨ ਉਮਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ।



        ਮੁੱਖ ਮੰਤਰੀ ਨੇ ਕਿਹਾ ਕਿ ਜਵਾਨ ਉਮਰ ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਿਸ ਸਦਕਾ ਦੇਸ਼ ਨੂੰ ਆਜ਼ਾਦੀ ਹਾਸਲ ਹੋਈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਲੱਖਾਂ ਨੌਜਵਾਨਾਂ ਲਈ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਸਦਾ ਹੀ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਸ. ਚੰਨੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਤਾਂ ਕਿ ਭਾਰਤ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਮੁਲਕ ਬਣਾਇਆ ਜਾ ਸਕੇ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਪਿਤਾ ਮਰਹੂਮ ਕਿਸ਼ਨ ਸਿੰਘ ਦੀ ਸਮਾਧੀ ਸਥਲ ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।


ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਦੇ ਰਿਸ਼ਤੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਸ. ਸਤਵਿੰਦਰ ਸਿੰਘ ਅਤੇ ਸ. ਹਰਜੀਵਨ ਸਿੰਘ ਗਿੱਲ, ਸ਼ਹੀਦ ਦੀ ਭੈਣ ਅਮਰ ਕੌਰ ਦੇ ਪੋਤਰੇ, ਭਰਾ ਮਰਹੂਮ ਕੁਲਤਾਰ ਸਿੰਘ ਦੇ ਪੁੱਤਰ ਸ. ਕਿਰਨਜੀਤ ਸਿੰਘ, ਭਰਾ ਮਰਹੂਮ ਕੁਲਬੀਰ ਸਿੰਘ ਦੀ ਨੂੰਹ ਸ੍ਰੀਮਤੀ ਤੇਜਵਿੰਦਰ ਕੌਰ ਸੰਧੂ, ਭਰਾ ਮਰਹੂਮ ਕੁਲਬੀਰ ਸਿੰਘ ਸਿੰਘ ਦੀ ਪੋਤਰੀ ਅਨੁਸ਼ ਪ੍ਰਿਆ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਤੋਂ ਅਸ਼ੋਕ ਥਾਪਰ ਅਤੇ ਵਿਸ਼ਾਲ ਨਾਇਰ ਸ਼ਾਮਲ ਹਨ।


ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ 31 ਖੇਡ ਕਿੱਟਾਂ ਵੀ ਵੰਡੀਆਂ।


ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਅੰਗਦ ਸਿੰਘ, ਚੌਧਰੀ ਦਰਸ਼ਨ ਲਾਲ ਅਤੇ ਨਵਤੇਜ ਸਿੰਘ ਚੀਮਾ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਣ ਲਾਲ ਬੰਗਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਬੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਮੌਜੂਦ ਸਨ।


----

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends