ਕਰੋਨਾ ਮਹਾਮਾਰੀ ਦੇ ਚੱਲਦਿਆਂ ਸਿਹਤ ਨਾਲ ਸਬੰਧਤ ਕੋਰਸਾਂ ਵਾਸਤੇ ਨੌਜਵਾਨਾਂ ਲਈ ਸ਼ੁਰੂ ਕੀਤੀ ਜਾਵੇਗੀ ਸਕਿਲ ਟ੍ਰੇਨਿੰਗ:ਵਧੀਕ ਡਿਪਟੀ ਕਮਿਸ਼ਨਰ
ਕੋਰਸ ਕਰਨ ਦੇ ਚਾਹਵਾਨ ਉਮੀਦਵਾਰ 31 ਮਈ ਤੱਕ ਭਰ ਸਕਦੇ ਹਨ ਫਾਰਮ
ਫਾਜ਼ਿਲਕਾ, 27 ਮਈ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਨੋਡਲ ਅਫਸਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਸ੍ਰੀ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾ `ਤੇ ਕਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲੇ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਵਿਚ ਸਿਹਤ ਸੁਵਿਧਾਵਾਂ ਨੂੰ ਹੋਰ ਮਜਬੂਤ ਬਣਾਉਣ ਲਈ ਸਰਕਾਰ ਦੁਆਰਾ ਨੋਜਵਾਨਾ ਲਈ ਸਿਹਤ ਸੈਕਟਰ ਨਾਲ ਸਬੰਧਤ 6 ਕੋਰਸਾਂ ਵਿਚ ਸਕਿਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਮੈਡਮ ਮੀਨਾਕਸ਼ੀ ਗੁਪਤਾ ਨੇ ਦੱਸਿਆ ਕਿ ਇਹ ਕੋਰਸ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਚਲਾਏ ਜਾਣਗੇ। ਇਹ ਕੋਰਸ ਨਵੇਂ ਉਮੀਦਵਾਰਾਂ ਲਈ 21 ਦਿਨ ਦਾ ਹੋਵੇਗਾ ਅਤੇ ਸਿਹਤ ਸੈਕਟਰ ਵਿਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਉਮੀਦਵਾਰ ਜਿਨਾ ਕੋਲ ਕੋਈ ਸਰਟੀਫਿਕੇਟ ਨਹੀਂ ਹੈ, ਨੂੰ ਵੀ ਰੀਓਰਗਨਾਈਜੇਸ਼ਨ ਆਫ ਪਰਾਇਰ ਲਰਨਿੰਗ (ਆਰ.ਪੀ.ਐਲ) ਤਹਿਤ 7 ਦਿਨਾਂ ਦੀ ਟਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਜਿਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਸਦੇ ਨਾਲ-ਨਾਲ ਇਸ ਮਹਾਂਮਾਰੀ ਦੌਰਾਨ ਸਮਾਜ ਸੇਵਾ ਕਰਨ ਦਾ ਮੋਕਾ ਵੀ ਹਾਸਲ ਹੋਵੇਗਾ।
ਬਲਾਕ ਮਿਸ਼ਨ ਮੈਨੇਜਰ ਨੇ ਦੱਸਿਆ ਕਿ ਕੋਰਸਾਂ ਵਿਚ ਐਮਰਜੰਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ, ਜਨਰਲ ਡਿਉਟੀ ਅਸਿਸਟੈਂਟ, ਜੀ.ਡੀ.ਏ. ਕਰੀਟਿਕਲ ਕੇਅਰ, ਹੋਮ ਹੈਲਥ ਏਡ, ਮੈਡਕੀਲ ਇਕਿਉਪਮੈਂਟ ਟੈਕਨਾਲੋਜੀ ਅਸਿਸਟੈਂਟ, ਫਲੈਬੋਟੋਮੀਸਟ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਪੜਾਨ ਲਈ ਕਿਤਾਬਾਂ ਦੇ ਨਾਲ-ਨਾਲ ਪ੍ਰੈਕਟੀਕਲ ਟੇ੍ਰਨਿੰਗ ਵੀ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇਹ ਕੋਰਸ ਕਰਨਾ ਚਾਹੁੰਦੇ ਹਨ ਉਹ ਆਪਣਾ ਫਾਰਮ ਇਸ ਲਿੰਕ https://forms.gle/cRDn3xXebCmS3udN6 ਫਾਰਮ `ਤੇ ਭਰ ਸਕਦੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 31 ਮਈ 2021 ਹੈ।