ਬੀਤੇ ਦਿਨ ਤੱਕ 1 ਲੱਖ 93 ਹਜ਼ਾਰ 582 ਸੈਂਪਲ ਕੀਤੇ ਜਾ ਚੁੱਕੇ ਹਨ ਇਕੱਤਰ-ਡਿਪਟੀ ਕਮਿਸ਼ਨਰ
ਅੱਜ 361 ਕੋਵਿਡ ਮਰੀਜ਼ ਠੀਕ ਹੋਣ ਨਾਲ ਕੁੱਲ 14603 ਜਣੇ ਹੋਏ ਸਿਹਤਯਾਬ
ਫਾਜ਼ਿਲਕਾ, 27 ਮਈ:
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਜ਼ਿਲੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿੱਚ ਜਿਥੇ ਠੀਕ ਹੋਣ ਵਾਲੇ ਕੇਸਾਂ ਵਿਚ ਵਾਧਾ ਹੋਇਆ ਹੈ ਉਥੇ ਨਵੇ ਕੇਸਾਂ ਵਿਚ ਕਮੀ ਆਈ ਹੈ ਜ਼ੋ ਕਿ ਜ਼ਿਲ੍ਹਾ ਵਾਸੀਆਂ ਲਈ ਚੰਗੀ ਖਬਰ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤੇ ਵਿਚ 3143 ਜਣੇ ਠੀਕ ਹੋਏ ਹਨ। ਇਸੇ ਤਰ੍ਹਾਂ ਇਕ ਹਫਤਾ ਪਹਿਲਾਂ ਐਕਟਿਵ ਕੇਸ 4183 ਸੀ ਜਦਕਿ ਹੁਣ 2945 ਰਹਿ ਗਏ ਹਨ।
ਉਨ੍ਹਾਂ ਦੱਸਿਆ ਕਿ ਕਰੋਨਾ ਦੇ ਬੀਤੇ ਦਿਨ ਤੱਕ 1 ਲੱਖ 93 ਹਜ਼ਾਰ 582 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ 17965 ਕਰੋਨਾ ਦੇ ਮਰੀਜ਼ ਪਾਜੀਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ ਅੱਜ 361 ਜਣਿਆਂ ਦੇ ਠੀਕ ਹੋਣ ਨਾਲ ਹੁਣ ਤੱਕ ਕੁੱਲ 14603 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਅੱਜ 231 ਨਵੇ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 2945 ਅਤੇ ਮੌਤਾਂ ਦੀ ਗਿਣਤੀ 417 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕਰੋਨਾ `ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 98357 ਜਣਿਆਂ ਨੂੰ ਵੈਕਸੀਨ ਲਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਗਣ ਦੇ ਬਾਵਜੂਦ ਵੀ ਅਸੀਂ ਸਾਰਿਆਂ ਨੇ ਸਾਵਧਾਨੀਆਂ ਦੀ ਪਾਲਣਾ ਕਰਨੀ ਹੈ ਜਿਵੇਂ ਕਿ ਮਾਸਕ ਲਾਜ਼ਮੀ ਪਾਇਆ ਜਾਵੇ, ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜਿਹੜੀਆਂ ਪਾਬੰਦੀਆਂ ਕੋਵਿਡ 19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਉਹ ਲੋਕਾਂ ਦੀ ਭਲਾਈ ਲਈ ਹੀ ਲਗਾਈਆਂ ਗਈਆਂ ਹਨ, ਇਨਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਜਾਵੇ।