ਹੁਣ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆਂ ਤੇ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਵੀ ਦਿੱਤੀ ਜਾਏਗੀ ਕੋਵਿਡ ਰੋਕੂ ਵੈਕਸੀਨ : ਡਾ ਗੁਰਦੀਪ ਸਿੰਘ ਕਪੂਰ
- ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਦੀ ਗਿਣਤੀ ਵਧਣ 'ਤੇ ਲੋਕਾਂ ਨੂੰ ਕੀਤਾ ਸੁਚੇਤ
- ਜ਼ਿਲਾ ਵਾਸੀ ਮਾਸਕ ਲਾਜ਼ਮੀ ਤੌਰ ’ਤੇ ਪਾ ਕੇ ਰੱਖਣ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ
ਨਵਾਂਸ਼ਹਿਰ, 10 ਮਈ 2021 : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਕੋਵਿਡ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕਰਨ ਜਾ ਰਿਹਾ ਹੈ। ਇਸ ਪੜਾਅ ਵਿਚ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਉੱਤੇ ਟੀਕਾ ਲਗਾਇਆ ਜਾਵੇਗਾ। ਇਸ ਲਈ ਜ਼ਿਲ੍ਹੇ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਸਿਵਲ ਹਸਪਤਾਲ ਨਵਾਂਸਹਿਰ ਵਿਖੇ ਪਹੁੰਚ ਕੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਦੇ ਟੀਕਾਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ, ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ, ਡਾ ਸਤਵਿੰਦਰ ਸਿੰਘ, ਨੋਡਲ ਅਫ਼ਸਰ ਡਾ ਹਰਪਿੰਦਰ ਸਿੰਘ, ਡਾ ਹਰਿਤੇਸ਼ ਪਾਹਵਾ , ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਤਰਸੇਮ ਲਾਲ, ਪੀਏ ਅਜੇ ਕੁਮਾਰ, ਐਲ ਐੱਚ ਵੀ ਬਲਵਿੰਦਰ ਕੌਰ, ਮਨਦੀਪ ਕੌਰ, ਕੰਪਿਊਟਰ ਟੀਚਰ ਰਾਜੇਸ਼ ਕੁਮਾਰ ਅਤੇ ਸੁਨੀਲ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਸਰਕਾਰ ਨੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਦੇ ਟੀਕਾਕਰਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ ਅਤੇ ਉਪਰੋਕਤ ਵਰਗਾਂ ਦੇ ਸਾਰੇ ਲਾਭਪਾਤਰੀ ਟੀਕਾਕਰਨ ਕੇਂਦਰਾਂ ਉੱਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕਰਵਾ ਕੇ ਕੋਵਿਡ ਰੋਕੁ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਉਪਰੋਕਤ ਵਰਗਾਂ ਦੇ ਲਾਭਪਾਤਰੀਆਂ ਦੇ ਟੀਕੇ ਲਗਾਏ ਜਾਣਗੇ, ਇਸ ਤੋਂ ਬਾਅਦ ਜ਼ਰੂਰਤ ਦੇ ਹਿਸਾਬ ਨਾਲ ਟੀਕਾਕਰਨ ਕੇਂਦਰਾਂ ਦਾ ਵਿਸਥਾਰ ਕਰ ਦਿੱਤਾ ਜਾਵੇਗਾ। ਮੁਫਤ ਟੀਕਾਕਰਨ ਮੁਹਿੰਮ ਅਧੀਨ ਹੁਣ 18 ਸਾਲ ਤੋਂ 44 ਸਾਲ ਉਮਰ ਦੇ ਸਾਰੇ ਉਸਾਰੀ ਕਾਮਿਆਂ ਤੇ ਸੰਵੇਦਨਸ਼ੀਲ ਅਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਨੂੰ ਕੋਵਿਡ ਰੋਕੂ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੀਕਾਕਰਨ ਦੀਆਂ ਯੋਗ ਸ੍ਰੇਣੀਆਂ ਬਾਰੇ ਸਮੇਂ-ਸਮੇਂ ਉੱਤੇ ਸੂਚਿਤ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਉਲਝਣ ਨਾ ਰਹੇ ਅਤੇ ਟੀਕਾਕਰਨ ਕੇਂਦਰਾਂ ਉੱਤੇ ਭੀੜ ਨਾ ਪਵੇ।
ਕੋਵਿਡ-19 ਦੇ ਦਿਨੋ-ਦਿਨ ਵਧ ਰਹੇ ਕੇਸਾਂ ਉੱਤੇ ਚਿੰਤਾ ਜ਼ਾਹਰ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਅਤੇ ਮਾਸਕ ਲਾਜ਼ਮੀ ਤੌਰ 'ਤੇ ਪਹਿਨਣ ਤੋਂ ਇਲਾਵਾ ਦੂਸਰੀਆਂ ਸਾਵਧਾਨੀਆਂ ਅਪਣਾਉਣ ਦੀ ਜਰੂਰਤ ਹੈ।
ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਅਤੇ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰੀਏ। ਡਾ ਕਪੂਰ ਨੇ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਨੇ ਮਾਸਕ ਦੀ ਵਰਤੋਂ ਬਿਲਕੁੱਲ ਤਿਆਗ ਦਿੱਤੀ ਹੈ, ਜੋ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਬਣ ਰਹੀ ਹੈ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਹਿਲਾਂ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਸੀ ਤੇ ਜ਼ਿਲ੍ਹੇ ਅੰਦਰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਪਾਇਆ ਸੀ, ਉਸੇ ਤਰ੍ਹਾਂ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪੂਰਨ ਸਹਿਯੋਗ ਕਰਨ। ਮਾਸਕ ਲਾਜ਼ਮੀ ਤੌਰ ਉੱਤੇ ਪਹਿਿਨਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਤਾ ਜਾਵੇ।
ਇਸ ਤੋਂ ਪਹਿਲਾਂ 45 ਸਾਲ ਤੋਂ ਵੱਧ ਉਮਰ ਵਿਅਕਤੀਆਂ ਨੂੰ ਹੀ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਸੀ ਜੋ ਕਿ ਜਿਉਂ ਦੀ ਤਿਉਂ ਜਾਰੀ ਰਹੇਗੀ।