11 ਜਨਵਰੀ, ਐਸ.ਐਸ.ਏ. ਨਗਰ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਵਫਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ: ਯੋਗਰਾਜ ਨਾਲ ਉਹਨਾਂ ਦੇ ਮੋਹਾਲੀ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਜੱਥੇਬੰਦੀ ਵੱਲੋਂ ਪੰਜਵੀਂ ਤੇ ਅੱਠਵੀਂ ਜਮਾਤਾਂ ਦੀ ਰਜਿਸਟ੍ਰੇਸ਼ਨ ਦੌਰਾਨ ਜ਼ੀਰੋ ਚਲਾਨ ਨਾ ਜਨਰੇਟ ਹੋਣ ਦੇ ਹਵਾਲੇ ਤਹਿਤ ਸੈਕੜੇ ਸਰਕਾਰੀ ਤੇ ਏਡਿਡ ਸਕੂਲਾਂ 'ਤੇ ਭਾਰੀ ਜੁਰਮਾਨੇ ਪਾਉਣ ਦਾ ਫੈਸਲਾ ਵਾਪਿਸ ਲੈਣ ਦੀ ਮੰਗ ਮੁੱਖ ਤੌਰ 'ਤੇ ਰੱਖੀ ਗਈ।
ਪ.ਸ.ਸ.ਬ ਚੇਅਰਮੈਨ ਵੱਲੋਂ ਜੱਥੇਬੰਦੀ ਦਾ ਪੱਖ ਸੁਣਨ ਉਪਰੰਤ ਦੱਸਿਆ ਗਿਆ ਕਿ ਜ਼ੀਰੋ ਫੀਸ ਚਲਾਨ ਨਾ ਜਨਰੇਟ ਕਰ ਸਕਣ ਵਾਲੇ ਸਕੂਲਾਂ 'ਤੇ ਭਾਰੀ ਜੁਰਮਾਨੇ ਪਾਉਣ ਦਾ ਫੈਸਲਾ ਵਾਪਿਸ ਲਿਆ ਜਾ ਰਿਹਾ ਹੈ, ਜਿਸ ਸਬੰਧੀ ਜਲਦ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਦੁਬਾਰਾ ਇੱਕ ਆਖਿਰੀ ਮੌਕਾ ਦਿੰਦਿਆਂ ਇੱਕ ਹਫਤੇ ਲਈ ਆਨਲਾਈਨ ਪੋਰਟਲ ਖੋਲ ਕੇ ਰਹਿੰਦੇ ਸਕੂਲਾਂ ਨੂੰ ਰਜਿਸਟ੍ਰੇਸ਼ਨ ਮੁਕੰਮਲ ਕਰਨ ਦਾ ਸਮਾਂ ਦਿੱਤਾ ਜਾਵੇਗਾ। ਚੇਅਰਮੈਨ ਵੱਲੋਂ ਦੱਸਿਆ ਗਿਆ ਕਿ ਰਹਿੰਦੇ ਸਕੂਲ ਅਗਲੀਆਂ ਹਦਾਇਤਾਂ ਜਾਰੀ ਹੋਣ ਤੱਕ ਜੁਰਮਾਨੇ ਸਹਿਤ ਚਲਾਨ ਜਨਰੇਟ ਨਾ ਕਰਨ ਅਤੇ ਜਿਹੜੇ ਸਕੂਲ ਜੁਰਮਾਨਾ ਜਮਾ ਕਰਵਾ ਚੁੱਕੇ ਹਨ, ਉਹਨਾਂ ਦੀ ਜੁਰਮਾਨਾ ਰਾਸ਼ੀ ਨੂੰ ਵੀ ਬੋਰਡ ਵੱਲੋਂ ਰੀਫੰਡ ਕਰ ਦਿੱਤਾ ਜਾਵੇਗਾ।
ਡੀ.ਟੀ.ਐਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਅਤੇ ਸੂਬਾ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾ ਡੀ.ਪੀ.ਆਈ. (ਐ. ਸਿ) ਸ੍ਰੀ ਲਲਿਤ ਘਈ ਨਾਲ ਵੀ ਇਸ ਮਾਮਲੇ ਸਬੰਧੀ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਕਿਸੇ ਵੀ ਸਕੂਲ 'ਤੇ ਕੋਈ ਜੁਰਮਾਨਾ ਜਾ ਲੇਟ ਫ਼ੀਸ ਦਾ ਭਾਰ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਿੱਖਿਆ ਬੋਰਡ ਨਾਲ ਇਸ ਬਾਬਤ ਲਗਾਤਾਰ ਸੰਪਰਕ ਵਿੱਚ ਹਨ।
ਇਸ ਮੌਕੇ ਡੀ.ਟੀ.ਐੱਫ. ਆਗੂ ਗਿਆਨ ਚੰਦ ਰੋਪੜ ਅਤੇ ਫਤਿਹਗੜ ਸਾਹਿਬ ਤੋਂ ਬੀਰਪਾਲ ਸਿੰਘ ਅਲਬੇਲਾ ਅਤੇ ਹੋਰ ਸਾਥੀ ਵੀ ਮੌਜੂਦ ਰਹੇ।