*ਸਿੱਧੀ ਭਰਤੀ ਰਾਹੀਂ ਚੁਣੇ ਗਏ ਪ੍ਰਿੰਸੀਪਲਾਂ ਦੀ ਆਨਲਾਈਨ ਰਿਫਰੈਸ਼ਰ ਵਰਕਸ਼ਾਪ*
ਐੱਸ.ਏ.ਐੱਸ. ਨਗਰ 26 ਫ਼ਰਵਰੀ ( ਪ੍ਰਮੋਦ ਭਾਰਤੀ ) ਸਿੱਖਿਆ ਵਿਭਾਗ ਵੱਲੋਂ ਵਿਸ਼ਵ ਪੱਧਰੀ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਸਹਿਯੋਗ ਨਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ 150 ਪ੍ਰਿੰਸੀਪਲਾਂ ਨੂੰ ਪਿਛਲੇ ਸਾਲ ਸਿਖਲਾਈ ਕਰਵਾਈ ਗਈ ਸੀ। ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਸਿਖਲਾਈ ਦਿੱਤੀ ਗਈ ਸੀ। ਇਸ ਸਿਖਲਾਈ ਵਰਕਸ਼ਾਪ ਵਿੱਚ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਪ੍ਰਦਾਨ ਕੀਤੀ ਸਿਖਲਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ, ਸਿਖਲਾਈ ਵਿੱਚ ਧਾਰਨਾਵਾਂ ਦੀ ਸਮਝ ਨੂੰ ਹੋਰ ਵਿਕਸਤ ਕਰਨ, ਪ੍ਰਾਪਤ ਗਿਆਨ ਨੂੰ ਰਿਫਰੈਸ਼ ਕਰਨ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਆਈ.ਐੱਸ.ਬੀ. ਦੇ ਸਹਿਯੋਗ ਨਾਲ ਆਨ-ਲਾਈਨ ਰਿਫ਼ਰੈਸ਼ਰ ਵਰਕਸ਼ਾਪ 23 ਫ਼ਰਵਰੀ ਤੋਂ 25 ਫ਼ਰਵਰੀ ਤੱਕ ਲਗਾਈ ਗਈ। ਇਸ ਸਿਖਲਾਈ ਦਾ ਉਦੇਸ਼ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਿਭਾਗ ਵੱਲੋਂ ਜਾਰੀ ਮੁਹਿੰਮਾਂ ਅਧੀਨ ਮਾਨਵੀ ਸਰੋਤਾਂ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਲਈ ਪ੍ਰਬੰਧਕੀ ਹੁਨਰਾਂ ਨੂੰ ਵਿਕਸਤ ਕਰਨਾ ਹੈ।
ਇਸ ਸਿਖਲਾਈ ਦੇ ਕੋਆਰਡੀਨੇਟਰ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਐਸੋਸੀਏਟ ਡਾਇਰੈਕਟਰ ਡਾ.ਆਰੂਸ਼ੀ ਜੈਨ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਹਰ ਖੇਤਰ ਲੲੀ ਬਹੁਤ ਵੱਡੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਇਸਦਾ ਗਹਿਰਾ ਪ੍ਰਭਾਵ ਪਿਆ ਹੈ। ਉਹਨਾਂ ਕਿਹਾ ਕਿ ਇਹ ਵਰਕਸ਼ਾਪ ਪੰਜਾਬ ਵਿੱਚ ਸਿੱਖਿਆ ਦੀ ਗੁਣਾਤਮਕਤਾ ਵਿੱਚ ਵਾਧਾ ਕਰਨ ਲਈ ਬਹੁਤ ਵੱਡੇ ਪ੍ਰਾਜੈਕਟ ਦਾ ਹਿੱਸਾ ਹੈ, ਜੋ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇੰਡੀਅਨ ਸਕੂਲ ਆਫ਼ ਬਿਜ਼ਨਸ ਕਰਵਾ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਪ੍ਰਿੰਸੀਪਲਾਂ ਵੱਲੋਂ ਬਹੁਤ ਅੱਛਾ ਤੇ ਮਿਸਾਲੀ ਕਾਰਜ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਹ ਉਪਰਾਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ ਗਤੀਸ਼ੀਲ ਉਪਰਾਲਿਆਂ ਵਿੱਚੋਂ ਇੱਕ ਹੈ। ਇਹ ਉਹਨਾਂ ਸਕੂਲ ਪ੍ਰਿੰਸੀਪਲਾਂ ਲਈ ਜੋ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹਨ, ਨੂੰ ਸਹੀ ਦਿਸ਼ਾ ਅਤੇ ਸਹਿਯੋਗ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲਾ ਹੈ। ਇਹ ਸਿਖਲਾਈ ਪ੍ਰਿੰਸੀਪਲਾਂ ਨੂੰ ਫੈਸਲੇ ਲੈਣ ਵਿੱਚ, ਟੀਮ ਆਗੂ ਵਜੋਂ ਅਤੇ ਹੋਰ ਖੇਤਰਾਂ ਵਿੱਚ ਸਿੱਖਿਅਤ ਕਰਨ ਲਈ ਕਰਵਾਈ ਗਈ। ਇਸ ਸਿਖਲਾਈ ਦਾ ਉਦੇਸ਼ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਚੁਣੇ ਗਏ ਪ੍ਰਿੰਸੀਪਲਾਂ ਦੀਆਂ ਸਮਰੱਥਾਵਾਂ ਦੇ ਨਿਰਮਾਣ ਲਈ ਪ੍ਰਬੰਧਕੀ ਧਾਰਨਾਵਾਂ ਦੀ ਸਮਝ ਨੂੰ ਵਿਕਸਤ ਕਰਨਾ ਹੈ।
ਇਹ ਸਿਖਲਾਈ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮਾਹਿਰਾਂ ਵੱਲੋਂ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਸਿੱਖਿਆ ਦੀ ਗੁਣਾਤਮਕਤਾ ਵਧਾਉਣ ਲਈ ਗੁਰ ਪ੍ਰਦਾਨ ਕੀਤੇ।
ਪ੍ਰੋ ਡੋਰਸਵਾਮੀ ਨੰਦ ਕਿਸ਼ੋਰ (ਆਈ.ਐੱਸ.ਬੀ.) ਜੋ ਕਿ ਉੱਘੇ ਕਾਰਪੋਰੇਟ ਲੀਡਰ ਹਨ, ਨੇ ਅਨੁਕੂਲ ਲੀਡਰਸ਼ਿਪ ਅਤੇ ਪ੍ਰਬੰਧ ਵਿੱਚ ਬਦਲਾਅ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰੋ ਰਾਜੇਸ਼ਵਰ ਉਪਾਧਿਆਇ ਡਾਇਰੈਕਟਰ ਫਾਰ ਐਕਸੇਲੈਂਸ ਨੇ ਭਾਵਨਾਤਮਕ ਯੋਗਤਾ ਅਤੇ ਅੰਤਰ- ਵਿਅਕਤੀਗਤ ਸੰਬੰਧਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ।
ਡਾ.ਆਰੂਸ਼ੀ ਜੈਨ ਐਸੋਸੀਏਟ ਪ੍ਰੋਫੈਸਰ ਨੇ ਸਿਖਿਆਰਥੀਆਂ ਨੂੰ ਕੇਸ ਮੈਥਡ, ਟੀਮ ਦੀ ਸਮਰੱਥਾ ਦੇ ਨਿਰਮਾਣ ਅਤੇ ਗਰੁੱਪ ਗਤੀਸ਼ੀਲਤਾ ਆਦਿ ਪੱਖਾਂ ਤੇ ਚਾਨਣਾ ਪਾਇਆ। ਪ੍ਰੋ ਵਿਜੈ ਸੁੰਦਰ ਓਪਰੇਸ਼ਨਲ ਮੈਨੇਜ਼ਮੈਂਟ ਨੇ ਸਿਖਲਾਈ ਦੌਰਾਨ ‘ਪ੍ਰੋਜੈਕਟ ਮੈਨੇਜ਼ਮੈਂਟ' ਮਾਹਿਰ ਵਜੋਂ ਸਿਖਲਾਈ ਪ੍ਰਦਾਨ ਕੀਤੀ।
ਇਸ ਮੌਕੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪਰਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਕਿੱਤਾਮੁਖੀ ਕੋਰਸਾਂ ਦੇ ਨਾਲ-ਨਾਲ ਸਕੂਲ ਦੇ ਸੁਧਾਰ ਲਈ ਸਮਾਜ ਦੇ ਸਹਿਯੋਗ ਪ੍ਰੇਰਿਤ ਕਰਨ ਤੇ ਜ਼ੋਰ ਦਿੱਤਾ। ਹਰਨੀਤ ਭਾਟੀਆ ਪ੍ਰਿਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂਵਾਲਾ ਜ਼ਿਲ੍ਹਾ ਮੋਗਾ ਨੇ ਮਹਾਂਮਾਰੀ ਦੇ ਚਲਦਿਆਂ ਸਕੂਲ ਨੂੰ ਭਵਿੱਖ ਲਈ ਤਿਆਰ ਕਰਨ ਲਈ ਸਿਹਤ ਅਤੇ ਸਾਫ਼-ਸਫਾ਼ਈ ਤੇ ਧਿਆਨ ਕੇਂਦਰਿਤ ਕਰਨ ਤੇ ਜ਼ੋਰ ਦਿੱਤਾ। ਕੁਲਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਰਾ ਜ਼ਿਲ੍ਹਾ ਫ਼ਰੀਦਕੋਟ ਨੇ ਆਈ.ਐੱਸ.ਬੀ. ਦੁਆਰਾ ਪਿਛਲੇ ਸਾਲ ਕਰਵਾਈ ਗਈ ‘ਮੋਟੀਵੇਸ਼ਨ ਐਂਡ ਲੀਡਰਸ਼ਿਪ ਸਿਖਲਾਈ' ਤੋਂ ਬਾਅਦ ਸਕੂਲ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਨਾਮਵਰ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ।