ਵਿਭਾਗ ਵੱਲੋਂ 3-6 ਸਾਲ ਦੇ ਬੱਚਿਆਂ ਲਈ ਸਿੱਖਿਆ ਅਤੇ ਸਰੀਰਕ ਵਿਕਾਸ ਦੇ ਅਹਿਮ ਉਪਰਾਲੇ ਕੀਤੇ
ਪਠਾਨਕੋਟ, 18 ਫਰਵਰੀ ( ਬਲਕਾਰ ਅੱਤਰੀ)
ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਕੇ 3-6 ਸਾਲ ਦੇ ਬੱਚਿਆਂ ਲਈ ਖੇਡ-ਖੇਡ ਵਿੱਚ ਸਿੱਖਦਿਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਅਧਾਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮਾਪਿਆਂ ਦੁਆਰਾ ਸਰਾਹਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਵਿੱਚ 3-6 ਸਾਲਾਂ ਦੇ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜ਼ਾਮ ਦੇਣ ਲਈ ਰੰਗ-ਬਰੰਗੇ ਖਿਡੌਣੇ ਅਤੇ ਆਕਰਸ਼ਕ ਸਿੱਖਣ ਸਮੱਗਰੀ ਨਾਲ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਚਿਹਰੇ ਖਿੜੇ-ਖਿੜੇ ਨਜ਼ਰ ਆਉਂਦੇ ਹਨ। ਬੱਚਿਆਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਪ੍ਰੋਜੈਕਟਰ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵੰਬਰ, 2017 ਵਿੱਚ ਲਗਭਗ 13 ਹਜ਼ਾਰ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੂਰੁਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਘਰ-ਘਰ ਜਾ ਕੇ 3-6 ਸਾਲ ਦੇ ਬੱਚਿਆਂ ਦਾ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਕੀਤਾ ਅਤੇ ਤਿੰਨ ਸਾਲਾਂ ਵਿੱਚ ਰਿਕਾਰਡ 3.30 ਲੱਖ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਦਾਖ਼ਲ ਕੀਤਾ। ਇਸਦੇ ਨਾਲ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਪੜ੍ਹਾਉਣ ਲਈ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਸਿਖਲਾਈ ਵੀ ਕਰਵਾਈ ਗਈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਸ਼ਮਾਂ, ਬਲਾਕ ਪਠਾਨਕੋਟ-1 ਦੇ ਹੈਡ ਟੀਚਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤ ਦੇ ਕਮਰੇ ਨੂੰ ਸਮਾਰਟ ਕਲਾਸਰੂਮ ਵੱਜੋਂ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਈ-ਕੰਟੈਂਟ ਦੁਆਰਾ ਪੜ੍ਹਾਈ ਕਰਵਾ ਕੇ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣਾ ਮੁੱਖ ਉਦੇਸ਼ ਹੈ। ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅਸਾਨ ਅਤੇ ਪ੍ਰਭਾਵੀ ਬਣਾਉਣ ਲਈ ਰੰਗ ਬਰੰਗੇ ਛੋਟੇ-ਛੋਟੇ ਖਿਡੌਣੇ ਜੋ ਕਿ ਬਹੁਤ ਹੀ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਮਟੀਰੀਅਲ ਨਾਲ ਬਣੇ ਹਨ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਸਥਾਪਿਤ ਕੀਤੇ ਗਏ ਹਨ। ਸਕੂਲ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਅਤੇ ਸਾਫ਼-ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਸੈਨੀਟਾਈਜ਼ ਸਟੈਂਡ, ਸਾਬਣ, ਤੌਲੀਆ ਅਤੇ ਸੈਨੀਟਾਈਜ਼ਰ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਇਸਤੋਂ ਇਲਾਵਾ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਫਰਸ਼ 'ਤੇ ਵਧੀਆ ਮੈਟਿੰਗ ਕੀਤੀ ਗਈ ਹੈ ਅਤੇ ਦੀਵਾਰਾਂ 'ਤੇ ਰੰਗਦਾਰ ਤਸਵੀਰਾਂ ਵੀ ਬਣਵਾਈਆਂ ਗਈਆਂ ਹਨ। ਛੋਟੇ ਬੱਚਿਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀ ਸਮੱਗਰੀ, ਬੱਚਿਆਂ ਦੇ ਆਰਾਮ ਕਰਨ ਲਈ ਗੱਦੇ ਵੀ ਜਮਾਤ ਦੇ ਕਮਰਿਆਂ ਵਿੱਚ ਰੱਖੇ ਗਏ ਹਨ।
ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਤਰੁਣ ਪਠਾਨੀਆ ਕਲਰਕ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਸ਼ਮਾਂ ਵਿੱਚ ਬੱਚਿਆਂ ਨੂੰ ਗਤਿਵਿਧਿਆਂ ਕਰਵਾਉਂਦੇ ਹੋਏ ਹੈਡ ਟੀਚਰ ਪ੍ਰਵੀਨ ਸਿੰਘ। |