ਨਵੇਂ ਦਾਖਲਿਆਂ ਲਈ ਮੁਹਿੰਮ 'ਈਚ ਵਨ, ਬਰਿੰਗ ਵਨ' ਲਈ ਵਿਊਂਤਬੰਦੀ ਉਲੀਕੀ
ਡੀਈਓ ਸੈਕੰਡਰੀ, ਡਿਪਟੀ ਡੀਈਓ ਸੈਕੰਡਰੀ, ਜਿਲ੍ਹਾ ਮੈਂਟਰਾਂ ਅਤੇ ਸਟੇਟ ਰਿਸੋਰਸ ਪਰਸਨਾਂ ਨੇ ਕੀਤੀ ਸ਼ਮੂਲੀਅਤ
ਐੱਸ ਏ.ਐੱਸ ਨਗਰ 12 ਫਰਵਰੀ (ਪ੍ਰਮੋਦ ਭਾਰਤੀ)
ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫ਼ਲ ਬਣਾਉਣ ਲਈ ਡਾਇਰੈਕਟਰ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਹੇਠ 11-12 ਫਰਵਰੀ ਨੂੰ ਦੋ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਸਰਕਾਰ ਵੱਲੋਂ ਜਾਰੀ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਮੂਹ ਜਿਲ੍ਹਿਆਂ ਤੋਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਜਿਲ੍ਹਾ ਮੈਂਟਰ ਆਈਸੀਟੀ, ਜਿਲ੍ਹਾ ਮੈਂਟਰ ਕੋਆਰਡੀਨੇਸ਼ਨ ਅਤੇ ਸਟੇਟ ਰਿਸੋਰਸ ਪਰਸਨਾਂ ਨੇ ਸ਼ਮੂਲੀਅਤ ਕੀਤੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਨੇ ਸਮੂਹ ਭਾਗ ਲੈਣ ਆਏ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਅਧਿਆਪਕਾਂ, ਸਕੂਲ ਮੁਖੀਆਂ, ਜਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੁੱਖ ਦਫਤਰ ਦੀਆਂ ਟੀਮਾਂ ਵੱਲੋਂ ਵਿਦਿਆਰਥੀਆਂ ਦੇ ਮੁਲਾਂਕਣ ਸਬੰਧੀ ਸੰਕਲਿਤ ਕੀਤਾ ਗਿਆ ਅੰਕੜਾ ਭਵਿੱਖ ਵਿੱਚ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਸੁਚੱਜਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੋਵੇਗਾ।
ਸਿੱਖਿਆ ਸਕੱਤਰ ਨੇ ਕਿਹਾ ਕਿ ਇਹਨਾਂ ਸਾਲਾਨਾ ਇਮਤਿਹਾਨਾਂ ਦੇ ਦਿਨਾਂ ਵਿੱਚ ਸਿੱਖਿਆ ਅਫ਼ਸਰ ਅਤੇ ਹੋਰ ਸਹਾਇਕ ਟੀਮਾਂ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਪ੍ਰੇਰਕ ਬਣ ਕੇ ਸਕੂਲਾਂ ਵਿੱਚ ਵਿਜਿਟ ਕਰਨ ਲਈ ਉਤਸ਼ਾਹਿਤ ਕੀਤਾ।
ਸਿਖਲਾਈ ਓਰੀਐਂਟੇਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਲ ਜਗਤਾਰ ਸਿੰਘ ਕੂਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਸਨ। ਪਹਿਲੇ ਦਿਨ ਸਟੇਟ ਰਿਸੋਰਸ ਪਰਸਨਾਂ ਨੇ ਵੱਖ-ਵੱਖ ਬੋਰਡ ਦੀਆਂ ਜਮਾਤਾਂ ਦਾ ਅੰਕੜਾ ਵਿਸ਼ਲੇਸ਼ਣ ਕਰਨ, ਜਿਆਦਾ ਧਿਆਨ ਦੇਣ ਯੋਗ ਸਕੂਲਾਂ ਦੀ ਸੂਚੀ ਤਿਆਰ ਕਰ ਕੇ ਪ੍ਰਭਾਵੀ ਯੋਜਨਾਬੰਦੀ ਕਰਨ, ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਵਾਉਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਕਿ ਕੋਰੋਨਾ ਕਾਰਨ ਪਾਠਕ੍ਰਮ ਨੂੰ ਘਟਾਏ ਜਾਣ ਦੀ ਜਾਣਕਾਰੀ, ਨਮੂਨੇ ਦੇ ਪ੍ਰਸ਼ਨ ਪੱਤਰਾਂ ਦੀ ਸਕੂਲ ਅਤੇ ਵਿਦਿਆਰਥੀਆਂ ਤੱਕ ਪਹੁੰਚ, ਪੰਜਾਬ ਐਜੂਕੇਅਰ ਐਪ ਤੇ ਉਪਲੱਬਧ ਸਿੱਖਣ ਸਹਾਇਕ ਸਮੱਗਰੀ ਦੀ ਤਿਆਰੀ ਲਈ ਵਰਤੋਂ ਬਾਰੇ ਸਮਾਰਟ ਕਲਾਸਰੂਮਾਂ ਵਿੱਚ ਜਾਣਕਾਰੀ ਦੇਣ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਅਗਵਾਈ ਦਿੱਤੀ ਗਈ।
ਓਰੀਐਂਟੇਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਵੱਖ-ਵੱਖ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰਾਂ ਆਪਣੇ-ਆਪਣੇ ਜਿਲ੍ਹੇ ਦੇ ਦਸੰਬਰ 2020 ਅਤੇ ਜਨਵਰੀ 2021 ਘਰੇਲੂ ਇਮਤਿਹਾਨਾਂ ਦੇ ਇਕੱਤਰ ਅੰਕੜਿਆਂ ਦੀ ਵਿਸ਼ਲੇਸ਼ਣਾਤਮਕ ਰਿਪੋਰਟ ਪੇਸ਼ ਕੀਤੀ।
ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸਰਕਾਰੀ ਸਕੂਲਾਂ ਅੰਦਰ ਸੈਸ਼ਨ 2021-22 ਦੇ ਨਵੇਂ ਦਾਖਲਿਆਂ ਲਈ ਚਲਾਈ ਜਾਣ ਵਾਲੀ ਮੁਹਿੰਮ ਈਚ ਵਨ, ਬਰਿੰਗ ਵਨ ਦੀ ਵਿਊਂਤਬੰਦੀ ਕਰਨ ਲਈ ਸਿੱਖਿਆ ਅਧਿਕਾਰੀਆਂ ਦੇ ਵਿਚਾਰ ਲਏ ਗਏ ਅਤੇ ਨਵੇਂ ਦਾਖਲਿਆਂ ਲਈ ਮੁਹਿੰਮ ਨੂੰ ਸੰਜੀਦਗੀ ਨਾਲ ਸ਼ੁਰੂ ਕਰਨ ਬਾਰੇ ਅਗਵਾਈ ਦਿੱਤੀ ਗਈ।
ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗ, ਨਿਰਮਲ ਕੌਰ ਏ.ਐੱਸ.ਪੀ.ਡੀ., ਸੁਸ਼ੀਲ ਭਾਰਦਵਾਜ, ਡਾ: ਹਰਪਾਲ ਸਿੰਘ ਬਾਜਕ, ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ, ਜਸਵੀਰ ਸਿੰਘ, ਪ੍ਰਮੋਦ ਭਾਰਤੀ ਸਪੋਕਸਪਰਸਨ ਨੇ ਸਮੂਹ ਭਾਗ ਲੈਣ ਆਏ ਅਧਿਕਾਰੀਆਂ ਨੂੰ ਸੰਬੋਧਨ ਕੀਤਾ।