ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਪ੍ਰਤਿਭਾ ਮੇਲੇ ਆਯੋਜਿਤ ਕਰਵਾਉਣ ਦੀ ਹੋਵੇਗੀ ਨਿਵੇਕਲੀ ਪਹਿਲਕਦਮੀ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬੌਧਿਕ ਅਤੇ ਰਚਨਾਤਮਿਕ ਵਿਕਾਸ ਦੀ ਦਿਖੇਗੀ ਝਲਕ
ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਮੇਲਿਆਂ ਦੇ ਆਯੋਜਨ ਲਈ ਪ੍ਰਤੀ ਸਕੂਲ ਪੰਜ ਹਜ਼ਾਰ ਰੁਪਏ ਰਾਸ਼ੀ ਜਾਰੀ
ਐੱਸ.ਏ.ਐੱਸ. ਨਗਰ 19 ਫਰਵਰੀ (ਪ੍ਰਮੋਦ ਭਾਰਤੀ )
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਸਮੇਂ-ਸਮੇਂ 'ਤੇ ਨਿਵੇਕਲੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਾਲਾਨਾ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਖੇਡ-ਖੇਡ ਵਿੱਚ ਪੜ੍ਹਾਈ ਨਾਲ ਜੋੜ ਕੇ ਰੱਖਣ ਲਈ 26 ਤੋਂ 31 ਮਾਰਚ, 2021 ਤੱਕ ਸਹਿ-ਵਿੱਦਿਅਕ ਗਤੀਵਿਧੀਆਂ ਤਹਿਤ ਬਾਲ ਪ੍ਰਤਿਭਾ ਮੇਲੇ ਕਰਵਾਉਣ ਦਾ ਨਿਵੇਕਲਾ ਫ਼ੈਸਲਾ ਲਿਆ ਹੈ। ਇਹ ਮੇਲੇ 12827 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕੈਂਪਸ ਵਿੱਚ ਹੀ ਆਯੋਜਿਤ ਕੀਤੇ ਜਾਣਗੇ। ਵਿਦਿਆਰਥੀ ਮਿਲ ਕੇ ਅਧਿਆਪਕਾਂ ਦੀ ਦੇਖ-ਰੇਖ ਵਿੱਚ ਮਾਡਲ ਤਿਆਰ ਕਰਨਗੇ ਅਤੇ ਹੋਰ ਸਹਿ-ਵਿੱਦਿਅਕ ਕਿਰਿਆਵਾਂ ਵੀ ਕਰਨਗੇ। ਸਹਿ-ਵਿੱਦਿਅਕ ਸਰਗਰਮੀਆਂ ਨਾਲ ਸਬੰਧਿਤ ਬਾਲ ਪ੍ਰਤਿਭਾ ਮੇਲਿਆਂ ਦਾ ਆਯੋਜਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਬਾਲ ਪ੍ਰਤਿਭਾ ਮੇਲੇ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਦਾ ਖਜ਼ਾਨਾ ਭਰਿਆ ਪਿਆ ਹੈ।ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਆਪਣੀ ਸਿਰਜਣਾਤਮਿਕ ਅਤੇ ਰਚਨਾਤਮਿਕ ਸ਼ਕਤੀ ਨਾਲ ਬਹੁਤ ਹੀ ਪ੍ਰਭਾਵੀ ਅਤੇ ਬੌਧਿਕ ਵਿਕਾਸ ਦੀਆਂ ਕਿਰਿਆਵਾਂ ਕਰਕੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਦੀ ਝਲਕ ਬਾਖੂਬੀ ਪੇਸ਼ ਕਰਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਮੇਲਿਆਂ ਦੇ ਆਯੋਜਨ ਲਈ ਸਕੂਲਾਂ ਨੂੰ ਪ੍ਰਤੀ ਸਕੂਲ 5-5 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਬਾਲ ਪ੍ਰਤਿਭਾ ਮੇਲੇ ਦੌਰਾਨ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਬਹੁਤ ਹੀ ਰੌਚਿਕ ਅਤੇ ਗਿਆਨ ਵਧਾਊ ਹੋਣਗੀਆਂ। ਇਹਨਾਂ ਵਿੱਚ ਮੈਂ ਤੇਰੀ ਸੋਚੀ ਹੋਈ ਸੰਖਿਆ, ਉਮਰ ਦੱਸਾਂ, ਖੇਡ-ਖੇਡ ਵਿੱਚ ਗੁਣਾ ਕਰਨਾ, ਕੈਲੰਡਰ ਦਾ ਜਾਦੂ, ਸੰਖਿਆ ਦਾ ਨਿਕਟੀਕਰਨ ਬਾਰੇ ਜਾਣਕਾਰੀ ਦੇਣ ਲਈ ਦੱਸ ਮੇਰੇ ਨੇੜੇ ਕੌਣ, ਕਿੱਲਾਂ ਦਾ ਸੰਤੁਲਨ ਜਿਹੀਆਂ ਖੇਡਾਂ ਹੋਣਗੀਆਂ। ਗੱਤੇ ਦਾ ਕੰਕਾਲ, ਗੁਬਾਰੇ ਦਾ ਵਾਜਾ, ਮਨਚਾਹੀ ਬਰਸਾਤ, ਪੌਣ ਚੱਕੀ, ਜਲ ਚੱਕਰ ਦਾ ਮਾਡਲ ਵੀ ਵਿਦਿਆਰਥੀਆਂ ਵੱਲੋਂ ਬਾਲ ਪ੍ਰਤਿਭਾ ਮੇਲੇ ਦੌਰਾਨ ਤਿਆਰ ਕਰਕੇ ਦਿਖਾਇਆ ਜਾਵੇਗਾ।
ਬਾਲ ਪ੍ਰਤਿਭਾ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਸਕਰੈਪ ਬੁੱਕ ਵੀ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਗਿਆਨ ਇੰਦਰੀਆਂ, ਘਰੇਲੂ ਅਤੇ ਜੰਗਲੀ ਰੁੱਖ, ਵੱਖ-ਵੱਖ ਪੱਤੇ, ਜਾਨਵਰਾਂ, ਪੰਛੀਆਂ, ਆਵਾਜਾਈ ਦੇ ਸਾਧਨਾਂ ਅਤੇ ਬੀਜਾਂ ਦੀਆਂ ਫੋਟੋਆਂ ਲਗਾ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜਿਹੜੇ ਵਿਦਿਆਰਥੀ ਜਾਂ ਵਿਦਿਆਰਥੀ ਦੇ ਗਰੁੱਪਾਂ ਦੁਆਰਾ ਮਾਡਲ ਤਿਆਰ ਕੀਤੇ ਜਾਣਗੇ ਉਹ ਮਹਿਮਾਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਦੇਣਗੇ।
ਬਾਲ ਮੇਲਿਆਂ ਦੌਰਾਨ ਬੱਚਿਆਂ ਵੱਲੋਂ ਦੇਸ਼ ਦੇ ਬਾਰੇ ਜਾਣਕਾਰੀ ਦੇਣ ਲਈ ਨਕਸ਼ਾ ਭਰਨ ਦੀ ਗਤੀਵਿਧੀ ਵੀ ਉਚੇਚੇ ਤੌਰ 'ਤੇ ਕੀਤੀ ਜਾਣੀ ਹੈ ਜਿਸ ਵਿੱਚ ਵਿਦਿਆਰਥੀ ਵੱਲੋਂ ਵੱਖ-ਵੱਖ ਰਾਜਾਂ ਦੀ ਨਿਸ਼ਾਨਦੇਹੀ, ਰਾਜਾਂ ਦੀਆਂ ਫ਼ਸਲਾਂ ਅਤੇ ਰਾਜਾਂ ਦੀਆਂ 2-2 ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪਿੰਡ ਦੀ ਜਾਣਕਾਰੀ, ਇਲਾਕੇ ਦੀਆਂ ਇਤਿਹਾਸਿਕ ਇਮਾਰਤਾਂ, ਪਿੰਡ ਨੂੰ ਆਉਣ-ਜਾਣ ਦੇ ਸਾਧਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਕੂਲਾਂ ਵਿੱਚ ਐੱਲ.ਈ.ਡੀ. ਜਾਂ ਪ੍ਰੋਜੈਕਟਰ ਦੀ ਸਹਾਇਤਾ ਨਾਲ ਆਲੇ-ਦੁਆਲੇ ਦੀ ਇਤਿਹਾਸਿਕ ਜਾਂ ਮਹੱਤਵਪੂਰਨ ਇਮਾਰਤ ਦੀ ਮਹੱਤਤਾ ਪੱਖੋਂ ਵੀਡੀਓ ਤਿਆਰ ਕਰਕੇ ਵੀ ਦਿਖਾਈ ਜਾਵੇਗੀ।
ਇਹਨਾਂ ਬਾਲ ਪ੍ਰਤਿਭਾ ਮੇਲਿਆਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਪਿੰਡ ਦੇ ਪਤਵੰਤੇ ਸੱਜਣਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਜਾਵੇਗਾ। ਸਕੂਲ ਮੁਖੀ ਪਿੰਡ ਦੇ ਗੁਰੂਦੁਆਰੇ, ਮੰਦਿਰ ਜਾਂ ਹੋਰ ਸਰਵਜਨਿਕ ਸਥਾਨਾਂ ਤੋਂ ਅਨਾਉਂਸਮੈਂਟਾਂ ਕਰਵਾ ਕੇ ਜਾਣਕਾਰੀ ਦੇਣਗੇ। ਸਕੂਲ ਮੁਖੀਆਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਵਿੱਚ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਬਾਲ ਪ੍ਰਤਿਭਾ ਮੇਲਿਆਂ ਦੌਰਾਨ ਕੋਵਿਡ 19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਸਕੂਲ ਮੂਖੀ ਬਾਲ ਪ੍ਰਤਿਭਾ ਮੇਲਿਆਂ ਸਬੰਧੀ ਸੋਸ਼ਲ਼ ਮੀਡੀਆ 'ਤੇ ਪੋਸਟਰ ਜਾਂ ਆਡੀਓ/ਵੀਡੀਓ ਸੁਨੇਹੇ ਪ੍ਰਕਾਸ਼ਿਤ ਕਰਕੇ ਵੱਧ ਤੋਂ ਵੱਧ ਪ੍ਰਚਾਰ ਕਰ ਰਹੇ ਹਨ।