ਸਕੂਲ ਖੁੱਲਣ ਦੇ ਬਾਵਜੂਦ ਸਿੱਖਿਆ ਵਿਭਾਗ ਨੂੰ ਹੋਈ ਆਨ ਲਾਈਨ ਪ੍ਰੀਖਿਆਵਾਂ ਲੈਣ ਦੀ ਧੁੱਸ ਸਵਾਰ
ਗ਼ੈਰ ਵਿਗਿਆਨਕ ਮਿਸ਼ਨ ਸ਼ਤ ਪ੍ਰਤੀਸ਼ਤ ਵਾਪਸ ਲਿਆ ਜਾਵੇ: ਡੀ.ਟੀ.ਐੱਫ.
ਸਿੱਖਿਆ ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਪੜ੍ਹਾਈ ਦੇ ਕੰਮ ਨੂੰ ਛੱਡ ਕੇ ਲਗਾਤਾਰ ਸ਼ਤ ਪ੍ਰਤੀਸ਼ਤ ਮਿਸ਼ਨ ਦੇ ਨਾਮ 'ਤੇ ਪ੍ਰੀਖਿਆਵਾਂ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਉਲਝਾਈ ਰੱਖਣ ਖਿਲਾਫ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਵਿਭਾਗ ਵੱਲੋਂ 9 ਤੋਂ 19 ਜਨਵਰੀ ਦਰਮਿਆਨ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਏ ਜਾ ਰਹੇ ਆਨ ਲਾਈਨ ਟੈਸਟ ਪੂਰੀ ਤਰ੍ਹਾਂ ਅਰਥਹੀਣ ਹਨ। ਸਕੂਲ ਖੁੱਲ੍ਹ ਜਾਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਨਿੱਜੀਕਰਨ ਪੱਖੀ ਆਨ ਲਾਈਨ ਸਿੱਖਿਆ ਨੂੰ ਪਹਿਲ ਦੇਣ ਦੀ ਨੀਤੀ ਦਾ ਹੇਜ ਨਹੀਂ ਛੱਡਿਆ ਗਿਆ ਹੈ, ਉੱਥੇ ਪਹਿਲੇ ਦਿਨ ਹੀ ਆਨਲਾਇਨ ਸਾਈਟ ਦੇ ਨਾ ਚੱਲਣ ਕਾਰਣ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਰੇ ਦਿਨ ਦੀ ਖੱਜਲਖੁਆਰੀ ਤੋਂ ਪਤਾ ਲੱਗਦਾ ਹੈ ਕਿ ਵਿਭਾਗ ਕੋਲ ਕੋਈ ਠੋਸ ਯੋਜਨਾਬੰਦੀ ਵੀ ਨਹੀਂ ਹੈ।
ਡੀ.ਟੀ.ਐੱਫ. ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੁੱਲੇਵਾਲ, ਜਗਪਾਲ ਬੰਗੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ ਅਤੇ ਪਵਨ ਕੁਮਾਰ ਮੁਕਤਸਰ ਨੇ ਸਿੱਖਿਆ ਵਿਭਾਗ 'ਤੇ ਪੂਰੇ ਸੈਸ਼ਨ ਦੌਰਾਨ ਯੋਜਨਾਬੰਦੀ ਦੀ ਘਾਟ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵਿਭਾਗ ਨੇ ਵਿਦਿਆਰਥੀਆਂ ਨੂੰ ਅੰਤਾਂ ਦੀਆਂ ਪ੍ਰੀਖਿਆਵਾਂ ( ਦੋ ਮਾਸਿਕ, ਛਿਮਾਹੀ, ਪ੍ਰੀ ਬੋਰਡ, ਗੈਰ ਯੋਜਨਾਬੱਧ ਆਨ ਲਾਈਨ ਅਤੇ ਸਲਾਨਾ) ਵਿੱਚ ਉਲਝਾ ਕੇ ਸਿੱਖਿਆ ਦੀ ਗੱਡੀ ਨੂੰ ਲੀਹੋਂ ਲਾਹੀ ਰੱਖਿਆ ਹੈ। ਇਸਦੇ ਨਾਲ ਹੀ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਵੀ ਅਨੇਕਾਂ ਗਤੀਵਿਧੀਆਂ ਜਿੰਨ੍ਹਾਂ ਵਿੱਚ ਬੂਸਟਰ ਕਲੱਬ, ਮੇਲੇ, ਆਨ ਲਾਈਨ ਸਿੱਖਿਆ, ਖਾਨ ਅਕੈਡਮੀ ਆਦਿ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਅੜਚਣਾਂ ਪਾਈਆਂ ਹਨ। ਵਿਭਾਗ ਵੱਲੋਂ ਬਿਨਾਂ ਯੋਜਨਾਬੰਦੀ ਤੋਂ ਇੰਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਦੇ ਮੌਕੇ 'ਤੇ ਹੀ ਹੁਕਮ ਚਾੜ੍ਹੇ ਜਾਂਦੇ ਹਨ, ਜਿਸ ਕਾਰਨ ਅਧਿਆਪਕ ਨੂੰ ਕੁਝ ਕੁ ਵਿਦਿਆਰਥੀਆਂ ਨੂੰ ਸਾਰੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਵਿਦਿਆਰਥੀ ਸਾਰਾ ਸਾਲ ਇੰਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹੋਏ ਮਾਨਸਿਕ ਦਬਾਅ ਅਧੀਨ ਰਹਿੰਦੇ ਹਨ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਨ ਲਾਈਨ ਸਿੱਖਿਆ ਨੂੰ ਪਹਿਲ ਦੇਣ ਦੀ ਨੀਤੀ ਛੱਡਣੀ ਚਾਹੀਦੀ ਹੈ ਅਤੇ ਸਾਲ ਦੀ ਪਹਿਲਾਂ ਕੀਤੀ ਹੋਈ ਯੋਜਨਾਬੰਦੀ ਅਨੁਸਾਰ ਸੀਮਤ ਪ੍ਰੀਖਿਆਵਾਂ ਅਤੇ ਗਤੀਵਿਧੀਆਂ ਕਰਾਉਣੀਆਂ ਚਾਹੀਦੀਆਂ ਹਨ।