*ਕੇਜਰੀਵਾਲ ਸਾਹਿਬ, ਬਿਨਾਂ ਪੈਂਨਸਨ ਦੀਆਂ ਨੌਕਰੀਆਂ ਨਾਲ ਨਹੀਂ ਆ ਸਕਦੀ ਸਿੱਖਿਆ ਖੇਤਰ ਵਿੱਚ ਕ੍ਰਾਂਤੀ*
ਦਿੱਲੀ ਦੇ ਮੁੱਖ ਮੰਤਰੀਆਂ ਸ੍ਰੀ ਅਰਵਿੰਦ ਕੇਜਰੀਵਾਲ ਅਪਣੀ ਦੋ ਦਿਨਾਂ ਫੇਰੀ ਦੌਰਾਨ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕਰਕੇ ਗਏ ਹਨ। ਇਸ ਤੇ ਟਿੱਪਣੀ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੰਨਵੀਨਰ ਸ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਜੇ ਸਿੱਖਿਆ ਦੇ ਖੇਤਰ ਵਿੱਚ ਸੱਚਮੁੱਚ ਹੀ ਕ੍ਰਾਂਤੀ ਲਿਆਉਣੀ ਹੈ ਤਾਂ ਵੇਖਣਾ ਪਵੇਗ ਕਿ ਨੌਜਵਾਨ ਵਰਗ ਕਿੰਨ੍ਹਾ ਕਾਰਨਾਂ ਕਰਕੇ ਸਿੱਖਿਆ ਵੱਲ ਆਕਰਸ਼ਿਤ ਹੁੰਦਾ ਹੈ। ਅੱਜ ਦੇ ਸਮੇਂ ਨੌਜਵਾਨ ਪੜ੍ਹਾਈ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪੰਜਾਬ ਦੇ ਉੱਚ ਸਿੱਖਿਆ ਨਾਲ ਸਬੰਧਤ ਖਾਲੀ ਪਏ ਕਾਲਜ ਸਪਸ਼ਟ ਉਦਾਹਰਣ ਹਨ ਕਿ ਨੌਜਵਾਨ ਵਰਗ ਉੱਚ ਸਿੱਖਿਆ ਤੋਂ ਜਿਆਦਾ ਆਕਰਸ਼ਿਤ ਨਹੀ ਹੈ। ਇਹ ਪਿਛਲੀਆਂ ਸਰਕਾਰਾਂ ਦੁਆਰਾ ਲਾਗੂ ਕੀਤੀਆਂ ਗਲਤ ਨੀਤੀਆਂ ਕਾਰਨ ਹੋਇਆ ਹੈ।
ਪਿਛਲੇ ਸਮੇਂ ਦੌਰਾਨ ਸਰਕਾਰੀ ਨੌਕਰੀ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਨੂੰ ਟੀਚਾ ਮੰਨ ਨੌਜਵਾਨ ਸਿੱਖਿਆ ਲਈ ਪ੍ਰੇਰਿਤ ਹੁੰਦਾ ਸੀ ਪਰ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਬੰਦ ਕਰਕੇ ਸਰਕਾਰੀ ਨੌਕਰੀਆਂ ਲਈ ਐਨ ਪੀ ਐਸ ਲਾਗੂ ਕਰ ਦਿੱਤੀ ਅਤੇ ਪੋਸਟਾਂ ਤੇ ਕੱਟ ਲਾਉਣਾ ਸੁਰੂ ਕਰ ਦਿੱਤਾ ਗਿਆ। ਨੌਜਵਾਨਾਂ ਨੂੰ ਪੜ੍ਹ ਲਿਖ ਕੇ ਸਾਰੀ ਉਮਰ ਨੌਕਰੀ ਕਰਨ ਦੇ ਬਾਵਜੂਦ ਵੀ ਬੁਢਾਪਾ ਰੁਲਦਾ ਨਜਰ ਆਇਆ ਤੇ ਉਸ ਸਮੇ ਤੋਂ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਜਾਣ ਲੱਗ ਪਿਆ। ਜਿਸਦੇ ਕਾਰਨ ਬਹੁਤ ਸਾਰੇ ਉੱਚ ਸਿੱਖਿਆ ਨਾਲ ਸਬੰਧਤ ਕਾਲਜ ਬੰਦ ਹੋ ਗਏ ਅਤੇ ਕੁਝ ਬੰਦ ਹੋਣ ਕਿਨਾਰੇ ਹਨ। ਪੁਰਾਣੀ ਪੈਨਸ਼ਨ ਲਾਗੂ ਕੀਤੇ ਬਿਨਾਂ ਸਿੱਖਿਆ ਵਿੱਚ ਕ੍ਰਾਂਤੀ ਲਿਆਉਣੀ ਅਸੰਭਵ ਹੈ। ਪੁਰਾਣੀ ਪੈਨਸ਼ਨ ਦੀ ਗੱਲ ਕੀਤੇ ਬਗੈਰ ਅਜਿਹੀ ਕ੍ਰਾਂਤੀ ਲਿਆਉਣ ਦੀ ਕੇਜਰੀਵਾਲ ਸਾਹਿਬ ਵੱਲੋਂ ਗੱਲ ਕਰਨੀ ਲੋਕਾਂ ਨੂੰ ਮੂਰਖ ਬਨਾਉਣ ਵਾਲੀ ਗੱਲ ਹੈ। ਮੁੱਢਲੇ ਕਾਰਨਾਂ ਦੀ ਪੜਚੋਲ ਕੀਤੇ ਬਗੈਰ , ਪੁਰਾਣੀ ਪੈਨਸ਼ਨ ਦੀ ਗੱਲ ਕੀਤੇ ਬਗੈਰ ਇਹ ਵਾਅਦਾ ਬਚਕਾਨਾ ਲਗਦਾ ਹੈ। ਕੇਜਰੀਵਾਲ ਸਾਹਿਬ ਅਪਣੇ ਵਾਅਦਿਆਂ ਤੇ ਮੁੜ ਵਿਚਾਰ ਕਰਨ ਅਤੇ ਥੋੜਾ ਹੋਮਵਰਕ ਵੀ ਕਰ ਲੈਣ।