ਜ਼ਿਲ੍ਹਾ ਮਲੇਰਕੋਟਲਾ ਦੇ ਅਸਲਾ ਧਾਰਕ ਬਿਨਾਂ ਲੇਟ ਫ਼ੀਸ ਦੇ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਲਈ 10 ਦਸੰਬਰ ਤੱਕ ਸੇਵਾ ਕੇਂਦਰਾਂ 'ਚ ਦੇ ਸਕਦੇ ਨੇ ਦਰਖਾਸਤ
ਮਲੇਰਕੋਟਲਾ 16 ਨਵੰਬਰ :
ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ 23ਵੇ ਨਵੇਂ ਜ਼ਿਲ੍ਹੇ ਵਜੋਂ ਮਲੇਰਕੋਟਲਾ ਹਾਲ ਹੀ ਹੋਂਦ 'ਚ ਆਇਆ ਹੈ। ਇਸ ਜ਼ਿਲ੍ਹੇ ਵਿੱਚ ਰਹਿਣ ਵਾਲੇ ਸਾਰੇ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਕੇਵਲ ਜ਼ਿਲ੍ਹਾ ਮੈਜਿਸਟਰੇਟ/ਵਧੀਕ ਜ਼ਿਲ੍ਹਾ ਮੈਜਿਸਟਰੇਟ ਮਲੇਰਕੋਟਲਾ ਵਲੋਂ ਹੀ ਨਵੀਨ ਕੀਤੇ ਜਾ ਸਕਦੇ ਹਨ । ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਅਸਲਾ ਲਾਇਸੈਸਾਂ ਦਾ ਸਾਰਾ ਕੰਮ ਆਨਲਾਈਨ ਸੇਵਾ ਕੇਂਦਰ ਰਾਹੀ ਹੀ ਹੁੰਦਾ ਹੈ।ਜ਼ਿਲ੍ਹਾ ਮਲੇਰਕੋਟਲਾ ਵਿੱਚ ਅਸਲਾ ਲਾਇਸੰਸ ਸਬੰਧੀ ਆਨਲਾਈਨ ਕੰਮ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਮਿਤੀ 5-11-2021 ਨੂੰ ਸ਼ੁਰੂ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਰਨ ਮਹੀਨਾ ਜੂਨ 2021 ਤੋਂ ਬਾਅਦ ਇਸ ਜ਼ਿਲ੍ਹੇ ਨਾਲ ਸਬੰਧਿਤ ਅਸਲਾ ਧਾਰਕ, ਆਨਲਾਈਨ ਸੇਵਾ ਉਪਲਬਧ ਨਾ ਹੋਣ ਕਾਰਨ ਆਪਣੇ ਅਸਲਾ ਲਾਇਸੈਂਸਾਂ ਦਾ ਨਵੀਨੀਕਰਨ ਦੀ ਅਰਜ਼ੀ ਸੇਵਾ ਕੇਂਦਰ ਵਿੱਚ ਜਮ੍ਹਾਂ ਨਹੀਂ ਕਰਵਾ ਪਾਏ । ਹੁਣ ਅਸਲਾ ਧਾਰਕ ਆਪਣਾ ਅਸਲਾ ਲਾਇਸੰਸ ਨਵੀਨ ਕਰਵਾਉਣ ਲਈ ਆਨਲਾਈਨ ਸੇਵਾ ਕੇਂਦਰ ਵਿੱਚ ਅਪਲਾਈ ਕਰਦੇ ਹਨ ਤਾਂ ਆਨਲਾਈਨ ਪੋਰਟਲ ਵਲੋਂ ਲੇਟ ਫ਼ੀਸ ਦੀ ਮੰਗ ਕੀਤੀ ਜਾ ਰਹੀਂ ਹੈ। ਲੋਕ ਹਿਤ, ਕੁਦਰਤੀ ਇਨਸਾਫ਼ ਅਤੇ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਸਲਾ ਧਾਰਕਾਂ ਦਾ ਅਸਲਾ ਲਾਇਸੰਸ ਮਿਤੀ 2-06-2021 ਤੱਕ ਵੈਲਿਡ ਸੀ ਅਤੇ ਜਿਨ੍ਹਾਂ ਦਾ ਅਸਲਾ ਲਾਇਸੰਸ ਨਵੀਨ ਕਰਨ ਲਈ ਗਰੇਸ ਪੀਰੀਅਡ (Grace Period) ਵੀ ਮਿਤੀ 2-6-2021 ਨੂੰ ਖ਼ਤਮ ਹੋ ਰਿਹਾ ਸੀ, ਉਹ ਅਸਲਾ ਧਾਰਕ ਆਪਣਾ ਲਾਇਸੈਂਸ ਮਿਤੀ 10 ਦਸੰਬਰ ਤੱਕ ਬਿਨਾ ਲੇਟ ਫ਼ੀਸ ਭਰੇ ਆਪਣਾ ਅਸਲਾ ਨਵੀਨ ਕਰਨ ਦੀ ਦਰਖਾਸਤ ਸੇਵਾ ਕੇਂਦਰ 'ਚ ਦੇ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ 'ਚ 07 ਸੇਵਾ ਕੇਂਦਰਾਂ ਲੋਕਾਂ ਨੂੰ ਲੋਕ ਸੁਵਿਧਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂ ਜ਼ਿਲ੍ਹਾ ਬਣਨ ਕਾਰਨ ਰੁਕੀਆਂ ਲੋਕ ਸੇਵਾਵਾਂ ਜਿਵੇਂ ਕਿ ਅਸਲਾ ਲਾਇਸੈਂਸ, ਇੱਕ ਸਾਲ ਤੋਂ ਬਾਅਦ ਵਿਆਹ ਦੀ ਰਜਿਸਟ੍ਰੇਸ਼ਨ ਸਬੰਧੀ, ਪੈਨਸ਼ਨ ਸਬੰਧੀ ਦੀ ਸੁਵਿਧਾ ਹੁਣ ਸੇਵਾ ਕੇਂਦਰ ਰਾਹੀਂ ਮਿਲਣੀ ਸ਼ੁਰੂ ਹੋ ਗਈ ਹੈ ।ਉਨ੍ਹਾਂ ਕਿਹਾ ਕਿ ਨਵੇਂ ਜ਼ਿਲ੍ਹੇ ਨਾਲ ਸਬੰਧਿਤ ਕੁਝ ਵਿਭਾਗਾਂ ਦੀਆਂ ਈ ਸੇਵਾ ਆਈ.ਡੀਜ਼ ਤਕਨੀਕੀ ਕਾਰਨਾਂ ਕਰਕੇ ਉਪਚਾਰਿਕ ਤੌਰ ਤੇ ਨਹੀਂ ਸਨ ਚੱਲੀਆਂ, ਹੁਣ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਆਈ.ਡੀਜ਼ ਚੱਲ ਚੁੱਕੀਆਂ ਹਨ ।ਉਨ੍ਹਾਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰਾਂ ਨਾਲ ਸਬੰਧਿਤ ਪੈਡਿੰਗ ਫਾਈਲਾਂ ਨੂੰ ਪਹਿਲ ਤੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਉਣ ।