ਈ ਟੀ ਟੀ ਦੀਆਂ 2364, 6635 ਅਤੇ ਪ੍ਰੀ ਪ੍ਰਾਇਮਰੀ ਦੀਆਂ 8393 ਭਰਤੀਆਂ ਜਲਦ ਪ੍ਰਕਿਰਿਆ ਪੂਰੀ ਕਰਨ ਦਾ ਭਰੋਸਾ
ਮੋਹਾਲੀ, 22 ਅਕਤੂਬਰ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਅਤੇ ਕੋ ਕਨਵੀਨਰਾਂ ਅਧਾਰਿਤ ਵਫਦ ਵਲੋਂ ਡੀ.ਪੀ.ਆਈ. (ਐ: ਸਿੱ:) ਹਰਿੰਦਰ ਕੌਰ ਨਾਲ ਪ੍ਰਾਇਮਰੀ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ 16 ਨੁਕਾਤੀ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ। ਮੋਰਚੇ ਦੇ ਵਫਦ ਦੀ ਅਗਵਾਈ ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਹਰੀਕਾ ਅਤੇ ਸੁਖਰਾਜ ਸਿੰਘ ਕਾਹਲੋਂ ਨੇ ਕੀਤੀ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਨੇ ਦੱਸਿਆ ਕਿ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ ਫ਼ੈਸਲੇ ਤਹਿਤ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜ਼ੇਸ਼ਨਾਂ/ਪੁਲਿਸ ਕੇਸ ਰੱਦ ਕਰਨ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਰੋਕੇ ਰੈਗੂਲਰ ਪੱਤਰ ਜਾਰੀ ਕਰਨ ਸਬੰਧੀ ਡੀ.ਪੀ.ਆਈ. ਨੇ ਭਰੋਸਾ ਦਿੱਤਾ ਕਿ ਪ੍ਰਾਇਮਰੀ ਵਿਭਾਗ ਨਾਲ ਸਬੰਧਿਤ ਅਜਿਹੇ ਸਾਰੇ ਮਾਮਲੇ ਜਲਦ ਹੱਲ ਕਰ ਦਿੱਤੇ ਜਾਣਗੇ। ਪਦਉੱਨਤੀਆਂ ਸਬੰਧੀ ਡੀਪੀਆਈ ਨੇ ਠੋਸ ਭਰੋਸਾ ਦਿੱਤਾ ਕਿ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਲਈ 25 ਅਕਤੂਬਰ ਤੱਕ ਅਤੇ ਅਗਲੇ ਤਿੰਨ ਜਾਂ ਚਾਰ ਦਿਨਾਂ ਵਿੱਚ ਹੀ ਸੀ.ਐੱਚ.ਟੀ. ਤੋਂ ਬੀ.ਪੀ.ਈ.ਓ. ਲਈ ਪਦਉੱਨਤੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਸੀਐਚਟੀ ਦੀਆਂ ਪੋਸਟਾਂ ਖਾਲੀ ਹੁੰਦੇ ਸਾਰ ਪਦ ਉਨਤੀਆਂ ਦਾ ਦੂਜਾ ਰਾਊਂਡ ਵੀ ਫੌਰੀ ਚਲਾਇਆ ਜਾਵੇਗਾ। ਜਿਸ ਉਪਰੰਤ ਈਟੀਟੀ ਤੋਂ ਐੱਚ.ਟੀ. ਦੀ ਪਦ ਉੱਨਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਈ.ਟੀ.ਟੀ. ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਕਰਨ ਦੀ ਮੰਗ ਤਹਿਤ ਡੀਪੀਆਈ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਦਫਤਰ ਵਲੋਂ ਸੀਨੀਆਰਤਾ ਸੂਚੀਆਂ ਮੁਕੰਮਲ ਕਰਕੇ ਦਫ਼ਤਰ ਡੀਪੀਆਈ (ਸੈਕੰਡਰੀ) ਵੱਲ ਭੇਜੀਆਂ ਜਾ ਚੁੱਕੀਆਂ ਹਨ।