ਡਿਪਟੀ ਕਮਿਸ਼ਨਰ ਵੱਲੋਂ ਢੰਡੀ ਕਦੀਮ ਸਕੂਲ ਦਾ ਦੌਰਾ, ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਮਿਡ ਡੇ ਮੀਲ
ਜਲਾਲਾਬਾਦ 6 ਫਰਵਰੀ
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁਗਲ ਨੇ ਅੱਜ ਜਲਾਲਾਬਾਦ ਉਪਮੰਡਲ ਦੇ ਪਿੰਡ ਢੰਡੀ ਕਦੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਅਤੇ ਇੱਥੇ ਬੱਚਿਆਂ ਦੇ ਨਾਲ ਬੈਠ ਕੇ ਸਕੂਲ ਵਿੱਚ ਤਿਆਰ ਵਿਦਿਆਰਥੀਆਂ ਲਈ ਬਣਿਆ ਹੋਇਆ ਮਿਡ ਡੇ ਮੀਲ ਵਾਲਾ ਭੋਜਨ ਖਾਧਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨਾਂ ਤੋਂ ਭੋਜਨ ਦੀ ਗੁਣਵੱਤਾ ਅਤੇ ਪੜ੍ਹਾਈ ਸਬੰਧੀ ਵੀ ਪੁੱਛਿਆ ਅਤੇ ਅਧਿਆਪਕਾਂ ਤੋਂ ਵੀ ਸਕੂਲ ਦੀਆਂ ਜਰੂਰਤਾਂ ਬਾਰੇ ਜਾਣਕਾਰੀ ਲਈ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਸਕੂਲ ਵਿੱਚ ਤਿਆਰ ਮਿਡ ਡੇ ਮੀਲ ਭੋਜਨ ਦੀ ਗੁਣਵੱਤਾ ਤੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਹਮੇਸ਼ਾ ਇਹ ਯਕੀਨੀ ਬਣਾਇਆ ਜਾਵੇ ਕਿ ਉੱਚ ਗੁਣਵੱਤਾ ਦਾ ਭੋਜਨ ਵਿਦਿਆਰਥੀਆਂ ਨੂੰ ਪਰੋਸਿਆ ਜਾਵੇ । ਉਹਨਾਂ ਨੇ ਸਕੂਲ ਦੇ ਕਿਚਨ ਦਾ ਵੀ ਮੁਆਇਨਾ ਕੀਤਾ । ਇਸ ਮੌਕੇ ਜਲਾਲਾਬਾਦ ਦੇ ਐਸਡੀਐਮ ਬਲਕਰਨ ਸਿੰਘ ਅਤੇ ਡੀਟੀਸੀ ਮਨੀਸ਼ ਠੁਕਰਾਲ ਵੀ ਹਾਜ਼ਰ ਸਨ।