🔵 *ਸਕੂਲਾਂ ਵਿੱਚ ਪ੍ਰੀਖਿਆਵਾਂ ਦੀ ਤਿਆਰੀ ਦੇ ਦਿਨਾਂ ਵਿੱਚ ਵਿਦਿਅਕ ਮੇਲੇ ਲਗਾਉਣਾ ਗੈਰ-ਵਾਜ਼ਬ ਕਰਾਰ*
🟠 *ਇਮਤਿਹਾਨਾਂ ਦੇ ਦਿਨਾਂ ਵਿੱਚ ਰੱਖੇ ਵਿੱਦਿਅਕ ਮੇਲਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਾਇਆ ਚਿੰਤਾ ਵਿੱਚ*
*ਸ਼ੈਸ਼ਨ ਦੇ ਸ਼ੁਰੂਆਤ ਵਿਚ ਪ੍ਰੀਖਿਆਵਾਂ ਅਤੇ ਸਹਿ ਕਿਰਿਆਵਾਂ ਲਈ ਸਲਾਨਾ ਕਲੰਡਰ ਤਿਆਰ ਕਰਨ ਦੀ ਮੰਗ*
4 ਜਨਵਰੀ, ਚੰਡੀਗੜ੍ਹ :
ਸਿੱਖਿਆ ਵਿਭਾਗ ਅਤੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ (ਐੱਸ.ਸੀ.ਈ.ਆਰ.ਟੀ.) ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਵਿਸ਼ੇਵਾਰ ਸਕੂਲ, ਬਲਾਕ ਅਤੇ ਜਿਲ੍ਹਾ ਪੱਧਰ 'ਤੇ ਮੇਲਿਆਂ ਨੇ ਅਧਿਆਪਕਾਂ 'ਤੇ ਵਿਦਿਆਰਥੀਆਂ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ। ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਨੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿਚ ਵਿੱਦਿਅਕ ਮੇਲੇ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇੱਕ ਪਾਸੇ ਐੱਸ.ਸੀ.ਈ.ਆਰ.ਟੀ. ਵੱਲੋਂ 3 ਜਨਵਰੀ ਨੂੰ ਦੁਪਹਿਰ ਵੇਲੇ ਜ਼ਾਰੀ ਇੱਕ ਪੱਤਰ ਰਾਹੀਂ ਛੇਵੀਂ ਤੋਂ ਅੱਠਵੀਂ ਜਮਾਤਾਂ ਨੂੰ ਤਿਆਰੀ ਲਈ ਸਿਰਫ ਇੱਕ ਦਿਨ ਦਿੰਦਿਆਂ ਬਲਾਕ ਪੱਧਰ ਦਾ ਸਾਇੰਸ ਮੇਲਾ 5 ਜਨਵਰੀ ਨੂੰ ਕਰਵਾਉਣ ਅਤੇ ਨੌਵੀਂ-ਦੱਸਵੀਂ ਲਈ 6 ਜਨਵਰੀ ਨੂੰ ਕਰਵਾਉਣ ਦਾ ਆਦੇਸ਼ ਜ਼ਾਰੀ ਕਰ ਦਿੱਤਾ ਗਿਆ ਹੈ। ਜਦਕਿ ਇਹਨਾਂ ਮਿਤੀਆਂ (5 ਅਤੇ 6 ਜਨਵਰੀ) ਵਿੱਚ ਹੀ ਨੌਂਵੀ ਅਤੇ ਦੱਸਵੀਂ ਜਮਾਤਾਂ ਦੇ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਸਕੂਲ ਪੱਧਰੀ ਮੇਲੇ ਵੀ ਕਰਵਾਉਣ ਦਾ ਫੈਸਲਾ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ।
ਇਸ ਸੰਬੰਧੀ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਪ੍ਰੀ ਬੋਰਡ ਅਤੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਰੁੱਝੇ ਹੁੰਦੇ ਹਨ। ਇਥੇ ਦੱਸਣਯੋਗ ਹੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਮਹੀਨੇ ਵਿੱਚ ਦੱਸਵੀਂ ਅਤੇ ਬਾਰਵੀਂ ਦੇ ਬੋਰਡ ਪ੍ਰੀਖਿਆਵਾਂ ਅਤੇ ਮਾਰਚ ਮਹੀਨੇ ਵਿੱਚ ਅੱਠਵੀਂ ਜਮਾਤ ਦੀ ਪ੍ਰੀਖਿਆ ਦੀ ਸਮਾਂ ਸਾਰਣੀ ਜ਼ਾਰੀ ਕੀਤੀ ਪ੍ਰੰਤੂ ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਵਿਦਿਅਕ ਮੇਲਿਆਂ ਦਾ ਆਯੋਜਨ ਕਰਨ ਦੇ ਆਦੇਸ਼ ਜ਼ਾਰੀ ਕਰ ਦਿੱਤੇ ਹਨ। ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਕਿਹਾ ਕਿ ਬੇਸ਼ੱਕ ਵਿੱਦਿਅਕ ਮੇਲੇ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਉਤਸੁਕਤਾ ਵਧਾਉਂਦੇ ਹਨ ਤੇ ਵਿਸ਼ੇ ਵਿੱਚ ਪਕੜ ਮਜ਼ਬੂਤ ਕਰਦੇ ਹਨ ਪਰ ਇਹਨਾਂ ਮੇਲਿਆਂ ਦੇ ਆਯੋਜਨ ਦਾ ਇਹ ਸਮਾਂ ਢੁਕਵਾਂ ਨਹੀਂ ਹੈ। ਵਿੱਦਿਅਕ ਮੇਲੇ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਕਈ ਦਿਨਾਂ ਦੀ ਤਿਆਰੀ ਦੀ ਜਰੂਰਤ ਹੁੰਦੀ ਹੈ। ਵਰਕਿੰਗ ਮਾਡਲ ਤਿਆਰ ਕਰਨ ਨੂੰ ਸਮਾਂ ਲੱਗਦਾ ਹੈ। ਗਲਤ ਸਮੇਂ 'ਤੇ ਵਿੱਦਿਅਕ ਮੇਲੇ ਰੱਖਣ ਨਾਲ ਸਲਾਨਾ ਇਮਤਿਹਾਨ ਪ੍ਰਭਾਵਿਤ ਹੋਣਗੇ ਅਤੇ ਨਤੀਜਿਆਂ 'ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਬਣੀ ਰਹੇਗੀ। ਸੋ ਇਹ ਮੇਲੇ ਵਿਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਜਾਂ ਅੱਧ ਵਿੱਚ ਹੋਣੇ ਚਾਹੀਦੇ ਹਨ ਅਤੇ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਮੰਗ ਅਨੁਸਾਰ ਸਿੱਖਿਆ ਵਿਭਾਗ ਨੂੰ ਮਨਮਰਜ਼ੀ ਤਹਿਤ ਗੈਰ ਵਾਜਿਬ ਫੈਸਲੇ ਲੈਣ ਦੀ ਥਾਂ ਵਿੱਦਿਅਕ ਅਤੇ ਸਹਾਇਕ ਵਿੱਦਿਅਕ ਗਤੀਵਿਧਿਆਂ ਦਾ ਕਲੰਡਰ ਵਿੱਦਿਅਕ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਜ਼ਾਰੀ ਕਰਕੇ ਲਾਗੂ ਕਰਨਾ ਚਾਹੀਂਦਾ ਹੈ।