ਪੁਰਾਤਨ ਕਾਲ ਤੋਂ ਅਧਿਆਪਕ ਨੂੰ ਗੁਰੂ ਮੰਨਿਆ ਹੈ ਅਤੇ ਗੁਰੂ ਦਾ ਦਰਜਾ ਰੱਬ ਤੋਂ ਵੀ ਉਤੇ ਮੰਨਿਆ ਜਾਂਦਾ ਹੈ।
ਭਗਤ ਕਬੀਰ ਜੀ ਨੇ ਗੁਰੂ ਦੀ ਮਹੱਤਤਾ ਬਾਰੇ ਲਿਖਿਆ ਹੈ "ਗੁਰੂ ਗੋਬਿੰਦ ਦੋਊ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀਓ ਦਿਖਾਏ"। ਇਸ ਪਵਿੱਤਰ ਸਲੋਕ ਤੋਂ ਹੀ ਗੁਰੂ ਦੀ ਮਹੱਤਤਾ ਸਪੱਸ਼ਟ ਹੁੰਦੀ ਹੈ। ਮਾਪੇ ਜਦੋਂ ਆਪਣੇ ਬੱਚੇ ਨੂੰ ਪਹਿਲੇ ਦਿਨ ਸਕੂਲ ਵਿੱਚ ਅਧਿਆਪਕ ਕੋਲ ਪੜ੍ਹਨ ਲਈ ਭੇਜਦੇ ਹਨ ਤਾਂ ਉਹ ਕੋਰੀ ਸਲੇਟ ਹੁੰਦਾ ਹੈ। ਅਧਿਆਪਕ ਹੀ ਹੈ ਜੋ ਉਸ ਕੋਰੀ ਸਲੇਟ 'ਤੇ ਅਜਿਹੇ ਚਿੱਤਰ ਉੱਕਰਦਾ ਹੈ ਕਿ ਉਹ ਬੱਚਾ ਕੁਝ ਸਾਲਾਂ ਬਾਅਦ ਇੱਕ ਵਧੀਆ ਅਤੇ ਸਮਝਦਾਰ ਇਨਸਾਨ ਬਣ ਜਾਂਦਾ ਹੈ। ਸਾਡੇ ਸਮਾਜ ਵਿੱਚ ਅਧਿਆਪਕ ਦਾ ਰੁਤਬਾ ਜਿੰਨਾ ਉੱਚਾ ਹੋਵੇਗਾ ਨਿਰਸੰਦੇਹ ਸਮਾਜ ਦਾ ਰੁਤਬਾ ਵੀ ਓਨਾ ਹੀ ਉੱਚਾ ਹੋਵੇਗਾ।
ਕੰਮ ਪ੍ਰਤੀ ਸਮਰਪਤ ਅਧਿਆਪਕਾਂ ਤੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਵਿਦਿਆਰਥੀ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਦੇ ਹਨ ਅਤੇ ਸਾਰੀ ਉਮਰ ਉਨ੍ਹਾਂ ਦਾ ਸਤਿਕਾਰ ਕਰਦੇ ਹਨ।
ਸਿੱਖਿਆ ਵਿਭਾਗ ਪੰਜਾਬ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ "ਰਾਜ ਪੁਰਸਕਾਰ" ਦੇ ਕੇ ਸਨਮਾਨਿਤ ਕਰਦਾ ਹੈ।
ਹੁਣ ਕੋਈ ਵੀ ਅਧਿਆਪਕ ਇਹ ਪੁਰਸਕਾਰ ਸਰਕਾਰ ਕੋਲੋਂ ਮੰਗ ਕੇ ਨਹੀਂ ਲੈਂਦਾ, ਮਤਲਬ ਅਧਿਆਪਕ ਖ਼ੁਦ ਇਹ ਪੁਰਸਕਾਰ ਹਾਸਿਲ ਕਰਨ ਲਈ ਅਰਜ਼ੀ ਨਹੀਂ ਦਿੰਦਾ, ਸਗੋਂ ਸਰਕਾਰੀ ਨਿਯਮਾਂ ਮੁਤਾਬਕ ਸ਼ਰਤਾਂ ਪੂਰੀਆਂ ਕਰਨ ਵਾਲੇ ਅਧਿਆਪਕਾਂ ਦੇ ਸਾਥੀ ਹੀ ਉਹਨਾਂ ਦੇ ਨਾਮ "ਰਾਜ ਪੁਰਸਕਾਰ" ਲਈ ਨਾਮਜਦ ਕਰਦੇ ਹਨ ਜਿਸ ਦੀ ਕਿ ਪਾਰਦਰਸ਼ੀ ਢੰਗ ਨਾਲ ਛਾਣਬੀਨ ਕਰਨ ਉਪਰੰਤ ਇਹ ਪੁਰਸਕਾਰ ਦਿੱਤੇ ਜਾਂਦੇ ਹਨ।
ਇਸ ਵਾਰ, 5 ਸਤੰਬਰ, 2023 ਨੂੰ 50 ਅਧਿਆਪਕ ਰਾਜ ਪੁਰਸਕਾਰ, 10 ਨੌਜਵਾਨ ਅਧਿਆਪਕ ਪੁਰਸਕਾਰ, 10 ਪ੍ਰਬੰਧਕੀ ਪੁਰਸਕਾਰ ਅਤੇ 5 ਵਿਸ਼ੇਸ਼ ਪੁਰਸਕਾਰ (ਕੁੱਲ 75 ਪੁਰਸਕਾਰ) ਦਿੱਤੇ ਜਾਣੇ ਹਨ ਜਿਨ੍ਹਾਂ ਨੂੰ ਨਾਮਜ਼ਦ ਕਰਨ ਦੀ ਆਖ਼ਰੀ ਮਿਤੀ 28 ਜੁਲਾਈ, 2023 ਹੈ। ਮੈਂ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੇ ਸਾਥੀ ਅਧਿਆਪਕਾਂ ਨੂੰ ਵੱਧ ਤੋਂ ਵੱਧ ਨਾਮਜਦ ਕਰਨ।
ਬਤੌਰ ਸਿੱਖਿਆ ਮੰਤਰੀ ਮੈਂ ਸਾਰਿਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਪੁਰਸਕਾਰ ਨਿਰੋਲ ਮੈਰਿਟ ਦੇ ਆਧਾਰ 'ਤੇ ਪੂਰੇ ਪਾਰਦਰਸ਼ੀ ਢੰਗ ਨਾਲ ਦਿੱਤੇ ਜਾਣਗੇ।
ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਰਾਜ ਦੇ ਸਿੱਖਿਆ ਪ੍ਰਬੰਧ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਗੇ ਜਿਸ ਵਿੱਚ ਸਿਫ਼ਾਰਸ਼ ਦੀ ਥਾਂ ਮੈਰਿਟ ਦੇ ਆਧਾਰ 'ਤੇ ਕੰਮ ਹੋਇਆ ਕਰਨਗੇ।
ਆਓ! ਆਪਾਂ ਸਾਰੇ ਰਲ ਮਿਲ ਕੇ ਆਪੋ-ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਵੱਲੋਂ ਪੰਜਾਬ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਬਣੀਏ।