*ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਨੌਣ ਵਿੱਚ ਪੂਰਨ ਬੰਦ ਜੀ ਟੀ ਰੋਡ ਜਾਮ*
*ਕਾਲ਼ੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਲਾਗੂ ਕੀਤੀ ਰਾਸ਼ਟਰੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ - ਦੌੜਕਾ*
ਕਨੌਣ 27 ਸਤੰਬਰ ( ) ਪਿੰਡ ਕਨੌਣ ਵਿਖੇ ਮਾਸਟਰ ਰਾਮਪਾਲ, ਮਾਸਟਰ ਰੇਸ਼ਮ ਲਾਲ, ਚੌਧਰੀ ਹਰਬੰਸ ਲਾਲ, ਸ਼੍ਰੀ ਭਗਵਾਨ ਦਾਸ, ਬਲਦੇਵ ਰਾਜ, ਕਾਲਾ ਵਿਰਕ, ਸ. ਅਜੀਤ ਸਿੰਘ, ਸਰਪੰਚ ਅੰਗਰੇਜ ਸਿੰਘ ਦੀ ਅਗਵਾਈ ਵਿੱਚ ਲਗਾਏ ਗਏ ਜਾਮ ਵਿੱਚ ਸੈਦਪੁਰ, ਕਨੌਣ, ਬਹਿਲੂਰ ਕਲਾਂ, ਸੇਖਾ ਮਜਾਰਾ, ਗੜ੍ਹੀ ਹੁਸੈਨਪੁਰ, ਨੰਗਲਾਂ, ਫੂਲ ਮਕੌੜੀ ਆਦਿ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਾਮ ਮੌਕੇ ਲਗਾਏ ਵੱਡੇ ਧਰਨੇ ਨੂੰ ਕਾਮਰੇਡ ਸੋਹਣ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਸਾਬਕਾ ਬੀ ਪੀ ਈ ਓ, ਸੁਰਿੰਦਰ ਭੱਟੀ, ਜਰਨੈਲ ਸਿੰਘ ਜਾਫ਼ਰਪੁਰੀ, ਡਾ. ਲਖਵਿੰਦਰ ਰਾਜੂ ਗੜ੍ਹੀ ਆਦਿ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਮਰਾਜੀ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਜਦੋਜਹਿਦ ਜਾਰੀ ਰੱਖਣ ਦਾ ਸੱਦਾ ਦਿੱਤਾ। ਇਨ੍ਹਾਂ ਨੀਤੀਆਂ ਨੇ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਿੱਚ ਲਗਾਤਾਰ ਵਾਧਾ ਕਰਦਿਆਂ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਮਜ਼ਦੂਰ ਪੱਖੀ 44 ਲੇਬਰ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਚਾਰ ਕੋਡਾਂ ਵਿਚ ਬਦਲ ਕੇ ਮਜ਼ਦੂਰਾਂ ਦੀ ਦਿਹਾੜੀ ਬਾਰਾਂ ਘੰਟੇ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ। ਜਿਸ ਨੂੰ ਇਤਿਹਾਸਕ ਕਿਸਾਨੀ ਅੰਦੋਲਨ ਦੇ ਚਲਦਿਆਂ ਲਾਗੂ ਨਹੀਂ ਕੀਤਾ ਜਾ ਸਕਿਆ। ਆਗੂਆਂ ਨੇ ਕਾਲ਼ੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਲਾਗੂ ਕੀਤੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀਆਂ ਸਹੂਲਤਾਂ ਸਿਹਤ, ਸਿੱਖਿਆ, ਬਿਜਲੀ, ਪਾਣੀ, ਸੜਕਾਂ, ਟਰਾਂਸਪੋਰਟ, ਟੈਲੀਕੋਮ ਆਦਿ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਹਵਾਲੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇਖੋ ਹੋਰ ਖ਼ਬਰਾਂ ਇਥੇ
ਪੰਜਾਬ ਤੋਂ ਸ਼ੁਰੂ ਹੋਏ ਕਿਸਾਨੀ ਅੰਦੋਲਨ ਨੇ ਜਿੱਥੇ ਵੱਖ ਵੱਖ ਵਿਚਾਰਾਂ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਇਕਮੁੱਠ ਕੀਤਾ ਹੈ, ਉਥੇ ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਵਪਾਰੀਆਂ, ਬੁੱਧੀਜੀਵੀਆਂ ਆਦਿ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਲਈ ਲੜਨ ਲਈ ਪਲੇਟਫਾਰਮ ਮੁਹੱਈਆ ਕੀਤਾ ਹੈ। ਐੱਨ ਡੀ ਏ ਦੀ ਸਰਕਾਰ ਦੌਰਾਨ ਆਰ ਐਸ ਐਸ ਅਤੇ ਬੀ ਜੇ ਪੀ ਵੱਲੋਂ ਧਰਮ, ਜਾਤ ਅਤੇ ਇਲਾਕਿਆਂ ਦੇ ਆਧਾਰ ਤੇ ਦੇਸ਼ ਦੇ ਲੋਕਾਂ ਦੀ ਲਗਾਤਾਰ ਤੋੜੀ ਜਾ ਰਹੀ ਫਿਰਕੂ ਏਕਤਾ ਨੂੰ ਇਸ ਕਿਸਾਨੀ ਅੰਦੋਲਨ ਨੇ ਮੁੜ ਬਹਾਲ ਕੀਤਾ ਹੈ।
ਇਸ ਸਮੇਂ ਕਰਨੈਲ ਦਰਦੀ, ਕੁਲਦੀਪ ਗੜ੍ਹੀ ਅਤੇ ਨਰੇਸ਼ ਧੀਰ ਹੁਸੈਨਪੁਰੀ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਜੁਝਾਰੂ ਗੀਤ ਪੇਸ਼ ਕੀਤੇ। ਇਸ ਰੈਲੀ ਨੂੰ ਸ੍ਰੀ ਚਰੰਜੀ ਲਾਲ ਫੂਲ ਮਕੋੜੀ, ਸ.ਅਜੀਤ ਸਿੰਘ, ਮਾਸਟਰ ਗੁਰਮੀਤ ਰਾਮ, ਅਮਨਦੀਪ ਸਿੰਘ ਹੁਸੈਨ ਪੁਰ, ਮਾ. ਮਨਜਿੰਦਰਜੀਤ ਸਿੰਘ, ਸਤਨਾਮ ਸਿੰਘ ਜਲਵਾਹਾ ਅਤੇ ਬਖਸ਼ੀਸ਼ ਸਿੰਘ ਸੈੰਭੀ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਸ਼ਿਵ ਕੁਮਾਰ, ਬਲਬੀਰ ਚੰਦ, ਸੁਖਵੰਤ ਸਿੰਘ, ਸੁਰਿੰਦਰ ਪਾਲ, ਨੇਸ਼ ਲਾਲ, ਗੁਰਮੁਖ ਸਿੰਘ, ਕੇਹਰ ਸਿੰਘ ਬਹਿਲੂਰ ਕਲਾਂ ਆਦਿ ਹਾਜ਼ਰ ਸਨ।
ਅੰਤ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ, ਨਰਿੰਦਰ ਤੋਮਰ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕੇ ਗਏ।