ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਟੈਂਕੀ 'ਤੇ ਚੜ੍ਹਿਆ
ਸਿੱਖਿਆ ਮੰਤਰੀ ਦੇ ਉਦਘਾਟਨ ਕਰਨ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਲਗਾਇਆ ਪੱਕਾ ਮੋਰਚਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਅਗਸਤ 2021: ਸਿੱਖਿਆ ਮੰਤਰੀ ਦੀ ਹਰੇਕ ਜਗ੍ਹਾ ਪੈੜ ਨੱਪਦੇ ਆ ਰਹੇ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰਾ ਪਾਇਆ ਹੋਇਆ ਹੈ, ਉਥੇ ਬੇਰੁਜ਼ਗਾਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੈਂਸਰ ਯੂਨਿਟ ਦਾ ਉਦਘਾਟਨ ਕਰਨ ਪਹੁੰਚਣ ਤੋਂ ਪਹਿਲਾਂ ਹੀ ਇੱਕ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜਲਿਕਾ ਨੇ ਅਚਾਨਕ ਸਵੇਰੇ 4:30 ਵਜੇ ਹਸਪਤਾਲ ਅੰਦਰਲੀ ਟੈਂਕੀ ਉੱਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਟੈੱਟ ਪਾਸ ਬੇਰੁਜ਼ਗਾਰ ਬੀ. ਐਡ. ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਤੇ ਪੱਕਾ ਮੋਰਚਾ ਲਗਾਈ ਬੈਠੇ ਹਨ ਅਤੇ ਪੰਜਾਬ ਸਰਕਾਰ ਤੋਂ ਲਗਾਤਾਰ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਪਰੰਤੂ ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਬੇਰੁਜ਼ਗਾਰਾਂ ਨੂੰ ਸਿੱਖਿਆ ਮੰਤਰੀ ਲਗਾਤਾਰ ਲਾਰੇ ਲਗਾਉਂਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਨੂੰ ਦਰ-ਕਿਨਾਰ ਕਰ ਰਹੀ ਸਰਕਾਰ ਤੋਂ ਖ਼ਫ਼ਾ ਬੇਰੁਜ਼ਗਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਕਰਕੇ ਉਕਤ ਬੇਰੁਜ਼ਗਾਰ ਨੇ ਅਜਿਹਾ ਕਦਮ ਚੁੱਕਿਆ ਹੈ। ਇਸ ਮੌਕੇ ਟੈਂਕੀ ਤੇ ਚੜ੍ਹੇ ਹੋਏ ਬੇਰੁਜ਼ਗਾਰ ਅਧਿਆਪਕ ਮੁਨੀਸ਼ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਟੈਂਕੀ ਉਪਰ ਡਟੇ ਰਹੇਗਾ।
ਉੱਧਰ ਸਿੱਖਿਆ ਮੰਤਰੀ ਦੇ ਹਸਪਤਾਲ ਪਹੁੰਚਣ ਮੌਕੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਨੇ ਘਿਰਾਓ ਦੀ ਕੋਸਿਸ਼ ਕੀਤੀ ਜਿਸਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੇ ਨਾਕਾਮ ਕਰ ਦਿੱਤਾ। ਬੇਰੁਜ਼ਗਾਰਾਂ ਨੇ ਟੈਂਕੀ ਹੇਠ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੇਠਾਂ ਹਸਪਤਾਲ ਦੀ ਕੰਧ ਨਾਲ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ।
ਬੇਰੁਜ਼ਗਾਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ ਹੋਰ ਸਾਰੇ ਵਿਸ਼ਿਆਂ ਦੀਆਂ 5000 ਤੋਂ ਵਧੇਰੇ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਬੇਰੁਜ਼ਗਾਰ ਅਧਿਆਪਕਾਂ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਰਿਲੀਜਨ ਸਟੱਡੀਜ਼, ਡਿਫੈਂਸ ਸਟੱਡੀਜ਼, ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ, ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ।
ਇਸ ਮੌਕੇ ਅਮਨ ਸੇਖਾ, ਕੁਲਵੰਤ ਲੌਂਗੋਵਾਲ, ਹਰਦੀਪ ਫਾਜਲਿਕਾ, ਸੰਦੀਪ ਗਿੱਲ, ਗਗਨਦੀਪ ਕੌਰ ਭਵਾਨੀਗੜ੍ਹ, ਪ੍ਰਿਤਪਾਲ ਕੌਰ, ਜਗਜੀਤ ਸਿੰਘ ਜੱਗੀ ਜੋਧਪੁਰ, ਅੰਗਰੇਜ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਠਿੰਡਾ, ਬਲਕਾਰ ਸਿੰਘ ਮਾਨਸਾ, ਰੇਨੂੰ ਦੋਵੇਂ ਮਾਨਸਾ, ਸੁਖਪਾਲ ਖਾਨ ਲਹਿਰਾ, ਗੋਰਖਾ ਸਿੰਘ ਲਹਿਰਾ, ਹਰਦੀਪ ਕੌਰ ਬਰਨਾਲਾ, ਸੁਖਵੀਰ ਕੌਰ ਬਰਨਾਲਾ, ਮੈਡਮ ਪੂਜਾ ਭਾਟੀਆ, ਸੁਖਵੀਰ ਦੁਗਾਲ, ਗੁਰਪ੍ਰੀਤ ਸਿੰਘ ਖੰਨਾ, ਜਤਿੰਦਰ ਸਿੰਘ, ਗੁਰਮੀਤ ਕੌਰ ਖੇੜੀ ਕਲਾਂ, ਪ੍ਰਿਤਪਾਲ ਕੌਰ, ਕਿਰਨ ਈਸੜਾ, ਰਾਜ ਕਿਰਨ, ਨਰਪਿੰਦਰ ਕੌਰ, ਗੁਰਦੀਪ ਕੌਰ, ਰੇਖਾ ਰਾਣੀ, ਸਨੀ ਝਨੇੜੀ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਕੁਲਵਿੰਦਰ ਸਿੰਘ ਅਕਬਰਪੁਰ ਖਨਾਲ, ਸੁਖਜੀਤ ਸਿੰਘ ਬੀਰ ਕਲਾਂ, ਹਰੀਸ਼ ਬੱਲਰਾਂ, ਬਿੰਦਰ ਪਾਲ ਕੌਰ ਅਤੇ ਰਿੰਕੂ ਕੰਬੋਜ਼ ਆਦਿ ਸੈਂਕੜੇ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।