Saturday, 21 August 2021

ਪੰਜਾਬ ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕੀਤਾ ਵਾਧਾ

 ਪੰਜਾਬ ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕੀਤਾ ਵਾਧਾ


- ਵਰਕਰਾਂ ਅਤੇ ਹੈਲਪਰਾਂ ਨੇ ਕੈਬਨਿਟ ਮੰਤਰੀ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਪ੍ਰਦਰਸ਼ਨ ਖਤਮ ਕੀਤਾ
ਚੰਡੀਗੜ੍ਹ, 21 ਅਗਸਤ 2021 - ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਆਂਗਨਵਾੜੀ ਵਰਕਰਾਂ, ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਹੈ।


ਇਸ ਤੋਂ ਬਾਅਦ, ਰਾਜ ਦੇ ਵੱਖ -ਵੱਖ ਹਿੱਸਿਆਂ ਤੋਂ ਰੋਸ ਪ੍ਰਦਰਸ਼ਨ ਲਈ ਦੀਨਾਨਗਰ (ਗੁਰਦਾਸਪੁਰ) ਵਿਖੇ ਇਕੱਤਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਰੋਸ ਪ੍ਰਦਰਸ਼ਨ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਅਤੇ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਪ੍ਰਤੀ ਧੰਨਵਾਦ ਪ੍ਰਗਟ ਕੀਤਾ।


ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀ 40 ਫੀਸਦੀ ਹਿੱਸੇਦਾਰੀ ਦੇ ਹਿਸਾਬ ਨਾਲ ਮਾਣ ਭੱਤਾ ਵਧਾਉਣ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ "ਹੁਣ 26074 ਆਂਗਨਵਾੜੀ ਵਰਕਰਾਂ ਨੂੰ ਪ੍ਰਤੀ ਮਹੀਨਾ 600 ਰੁਪਏ ਹੋਰ ਮਿਲਣਗੇ, ਜਦੋਂ ਕਿ 1240 ਮਿੰਨੀ ਆਂਗਨਵਾੜੀ ਵਰਕਰਾਂ ਨੂੰ ਵਧੇ ਹੋਏ ਮਾਣ ਭੱਤੇ ਦੇ ਰੂਪ ਵਿੱਚ 500 ਰੁਪਏ ਹੋਰ ਮਿਲਣਗੇ ਅਤੇ 26074 ਆਂਗਨਵਾੜੀ ਹੈਲਪਰਾਂ ਹਰ ਮਹੀਨੇ 300 ਰੁਪਏ ਹੋਰ ਮਾਣਭੱਤੇ ਵਜੋਂ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ।"ਸ੍ਰੀਮਤੀ ਚੌਧਰੀ ਨੇ ਇਸ ਮੰਗ ਨੂੰ ਜਾਇਜ਼ ਅਤੇ ਲੰਮੇ ਸਮੇਂ ਤੋਂ ਲਟਕਦੀ ਮੰਨਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਇਹ ਮੁੱਦਾ ਉਠਾਇਆ ਸੀ। ਪ੍ਰਸਤਾਵ 'ਤੇ ਮੁੱਖ ਮੰਤਰੀ ਦੀ ਹਰੀ ਝੰਡੀ ਮਿਲਣ ਤੋਂ ਬਾਅਦ, 28 ਜੁਲਾਈ ਨੂੰ ਵਿੱਤ ਮੰਤਰੀ ਨਾਲ ਵਿਚਾਰ -ਵਟਾਂਦਰਾ ਹੋਇਆ।


ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਵਿੱਤ ਵਿਭਾਗ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਤੋਂ ਬਾਅਦ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਭਾਗ ਨੇ ਇਸ ਸਬੰਧ ਵਿੱਚ ਪੱਤਰ ਜਾਰੀ ਕੀਤਾ ਹੈ। ਇਸ ਦੌਰਾਨ ਮੁੱਖ ਮੰਗ ਪੂਰੀ ਹੋਣ ਉਤੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਯੂਨੀਅਨਾਂ ਨੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਆਪਣਾ ਪ੍ਰਦਰਸ਼ਨ ਵਾਪਸ ਲੈ ਲਿਆ ਹੈ।

ਸਿੱਖਿਆ ਬੋਰਡ ਨੇ ਆਖ਼ਰ ਮਾਨਤਾ ਪ੍ਰਾਪਤ ਸਕੂਲਾਂ ਨੂੰ ਦਿੱਤੀ ਵੱਡੀ ਰਾਹਤ , ਪੜ੍ਹੋ

 


 ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਖ਼ਰ ਮਾਨਤਾ ਪ੍ਰਾਪਤ ਸਕੂਲਾਂ ਨੂੰ ਰਾਹਤ ਦੇ ਦਿੱਤੀ ਹੈ। ਪ੍ਰਤੀ-ਸੈਕਸ਼ਨ ਵਿਦਿਆਰਥੀਆਂ ਦੀ ਤੈਅ ਗਿਣਤੀ ਤੋਂ ਵਧੇਰੇ ਦਾਖ਼ਲੇ ਕਰਨ ਦੀ ਕੁਤਾਹੀ ’ਤੇ ਜੁਰਮਾਨੇ ਦੀ ਰਾਸ਼ੀ ਘਟਾ ਕੇ 1 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਿੱਖਿਆ ਬੋਰਡ ਨੇ ਸਕੂਲਾਂ ਦੀ ਵੱਡੀ ਗਲਤੀ ਨੂੰ ਭਾਂਪਦਿਆਂ ਤੇ ਐਫ਼ੀਲੀਏਸ਼ਨ ਨਿਯਮਾਂ ਦੀ ਉਲੰਘਣਾ ਮੰਨਦਿਆਂ ਇਕ ਸੈਕਸ਼ਨ ’ਚ ਤੈਅ ਵਿਦਿਆਰਥੀਆਂ ਤੋਂ ਜ਼ਿਆਦਾ ਗਿਣਤੀ ਲਈ ਪ੍ਰਤੀ ਵਿਦਿਆਰਥੀ ਜੁਰਮਾਨਾ 5 ਹਜ਼ਾਰ ਰੁਪਏ ਰੱਖਿਆ ਗਿਆ ਸੀ ਜਿਸ ਦਾ ਵੱਡੇ ਪੱਧਰ ’ਤੇ ਵਿਰੋਧ ਵੀ ਹੋਇਆ ਜਿਸ ਤੋਂ ਬਾਅਦ ਸਿੱਖਿਆ ਬੋਰਡ ਨੂੰ ਜੁਰਮਾਨੇ ਦੀ ਰਕਮ ’ਚ ਵੱਡੀ ਕਟੌਤੀ ਕਰਨੀ ਪਈ ਹੈ। ਮਾਹਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਦੋਂ ਸਰਕਾਰੀ ਸਕੂਲਾਂ ’ਚ ਅਜਿਹੇ ਨਿਯਮਾਂ ਦੀ ਉਲੰਘਣਾ ’ਤੇ ਜੁਰਮਾਨਾ ਨਹੀਂ ਹੈ ਤਾਂ ਨਿੱਜੀ ਸਕੂਲਾਂ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਐਨਾ ਸਖ਼ਤ ਕਿਉਂ ਹੈ?
ਕਮਰਿਆਂ ਦੀ ਉਸਾਰੀ ਰਹਿੰਦੀ ਸੀ ਦਿੱਕਤ


ਸਿੱਖਿਆ ਬੋਰਡ ਨੇ ਦਸਵੀਂ ਸ਼ੇ੍ਣੀ ਦੇ ਇਕ ਸੈਕਸ਼ਨ ’ਚ ਸਕੂਲਾਂ ਨੂੰ 50 ਵਿਦਆਰਥੀ ਦਾਖ਼ਲ ਕਰਨ ਦੀ ਮਾਨਤਾ ਦਿੱਤੀ ਹੋਈ ਹੈ। ਅਸਲ ’ਚ ਸਕੂਲਾਂ ਲਈ ਸਮੱਸਿਆ ਇਹ ਹੈ ਕਿ ਜੇਕਰ ਇਕ ਜਮਾਤ ’ਚ ਐਨੇ ਕੁ ਵਿਦਿਆਰਥੀ ਬਿਠਾਏ ਜਾਂਦੇ ਹਨ ਤਾਂ ਕਮਰੇ ਵੀ ਵੱਧ ਉਸਾਰੇ ਜਾਣਗੇ।


ਇਸ ਕਰਕੇ ਨਿੱਜੀ ਸਕੂਲ ਖ਼ਰਚੇ ਘੱਟ ਕਰਕੇ ਨਵਾਂ ਸੈਕਸ਼ਨ ਬਣਾਉਣ ਦੀ ਥਾਂ ਚੱਲ ਰਹੇ ਸੈਕਸ਼ਨ ’ਚ ਹੀ ਵਿਦਿਆਰਥੀਆਂ ਦੀ ਗਿਣਤੀ ਵਧਾ ਲੈਂਦੇ ਸਨ। ਸਿੱਖਿਆ ਬੋਰਡ ਦੀ ਮੈਨੇਜਮੈਂਟ ਨੇ ਇਸ ਮਾਮਲੇ ’ਤੇ ਸਖ਼ਤ ਫ਼ੈਸਲਾ ਲੈਂਦਿਆਂ ਤੈਅ ਸਮਰੱਥਾ ਤੋਂ ਵੱਧ ਵਿਦਿਆਰਥੀ ਦਾਖ਼ਲ ਕਰਨ ’ਤੇ 5 ਹਜ਼ਾਰ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਸੀ ਜਿਹੜਾ ਕਿ ਸਕੂਲ ਮਾਲਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ।


20 ਫ਼ੀਸਦੀ ਤਕ ਹੋ ਸਕਦੈ ਵਾਧਾ


ਨਿਯਮਾਂ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ ਅਕਾਦਮਿਕ ਸਾਲ- 2020-21 ਲਈ ਦਸਵੀਂ ਸ਼ੇ੍ਰਣੀ ਵਾਸਤੇ ਪ੍ਰਤੀ ਸੈਕਸ਼ਨ 50 ਵਿਦਿਆਰਥੀ ਦਾਖ਼ਲ ਕਰਨ ਦਾ ਨਿਯਮ ਹੈ ਪਰ ਇਸ ਗਿਣਤੀ ’ਤੇ 20 ਫੀਸਦੀ ਦੀ ਛੋਟ ਦਿੱਤੀ ਗਈ ਹੈ। ਭਾਵ ਹਰੇਕ ਸੈਕਸ਼ਨ ’ਚ ਸਕੂਲ ਮਾਲਕ 60 ਵਿਦਿਆਰਥੀ ਦਾਖ਼ਲ ਕਰ ਸਕਦੇ ਹਨ। ਬਾਰ੍ਹਵੀਂ ਜਮਾਤ ਦੇ ਜੇਕਰ ਪ੍ਰਤੀ ਗਰੁੱਪ ਜੇਕਰ ਇਸ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਬਾਰ੍ਹਵੀਂ ਜਮਾਤ ਹਿਊਮੈਨੇਟੀਜ਼ ਗਰੁੱਪ 60 ਦੇ ਦਾਖ਼ਲੇ ’ਤੇ 20 ਫੀਸਦੀ ਛੋਟ ਨਾਲ 72 ਵਿਦਿਆਰਥੀ ਦਾਖ਼ਲ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਕਾਮਰਸ ਦੇ 50 ਵਿਦਿਆਰਥੀਆਂ ’ਤੇ ਛੋਟ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 60 ਤਕ ਹੋ ਸਕਦੀ ਹੈ ਜਦ ਕਿ ਸਾਇੰਸ ਸਟਰੀਮ ’ਚ 50 ਵਿਦਿਆਰਥੀਆਂ ’ਤੇ 10 ਫੀਸਦੀ ਛੋਟ ਦਿੱਤੀ ਗਈ ਹੈ ਤੇ ਪ੍ਰਤੀ-ਸੈਕਸ਼ਨ ਗਿਣਤੀ ਜ਼ਿਆਦਾ ਤੋਂ ਜ਼ਿਆਦਾ 55 ਵਿਦਿਆਰਥੀ ਹੋ ਸਕਦੀ ਹੈ। ਨਿਯਮਾਂ ਦੀ ਉਲੰਘਣਾ ਹੋਣ ’ਤੇ ਅਜਿਹੀਆਂ ਐਫੀਲੀਏਟਿਡ/ਐਸੋਸੀਏਟਿਡ ਸੰਸਥਾਵਾਂ ਜਿਨ੍ਹਾਂ ਨੇ ਛੋਟ ਤੋਂ ਬਾਅਦ ਵੀ ਵਧੇਰੇ ਦਾਖ਼ਲੇ ਕੀਤੇ ਸਨ, ਦੇ ਵਿਦਿਆਰਥੀਆਂ ਦੇ ਸਰਟੀਫਿਕੇਟ ਰੋਕਦੇ ਹੋਏ 5000 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਲਗਾਇਆ ਗਿਆ ਸੀ ।


ਚੇਅਰਮੈਨ ਨੂੰ ਕੀਤੀ ਗਈ ਸੀ ਅਪੀਲ


ਪ੍ਰਾਈਵੇਟ ਸਕੂਲਾਂ ਦੀ ਸੰਸਥਾ ਨੇ ਇਹ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਕੋਲ ਚੁੱਕਿਆ ਸੀ ਤੇ ਅਪੀਲ ਕੀਤੀ ਸੀ ਕਿ ਪਿਛਲੇ ਸਾਲ ਕੋਵਿਡ-19 ਦੀ ਮਹਾਮਾਰੀ ਕਾਰਨ ਸਕੂਲ ਬੰਦ ਰਹਿਣ ਕਾਰਨ ਵਿਦਿਆਰਥੀਆਂ ਪਾਸੋਂ ਫੀਸਾਂ ਪ੍ਰਾਪਤ ਨਹੀਂ ਹੋਈਆਂ। ਇਸ ਤੋਂ ਇਲਾਵਾ ਸਕੂਲਾਂ ਨੂੰ ਅਧਿਆਪਕਾਂ, ਨਾਨ ਟੀਚਿੰਗ ਸਟਾਫ, ਬਿਜਲੀ ਪਾਣੀ ਅਤੇ ਸਕੂਲ ਬੱਸਾਂ ਦੀਆਂ ਕਿਸ਼ਤਾਂ ਕਾਰਨ ਕਾਫੀ ਆਰਥਿਕ ਨੁਕਸਾਨ ਪੁੱਜਿਆ ਹੈ। ਇਨ੍ਹਾਂ ਨੇ ਮੰਗ ਕੀਤੀ ਸੀ ਕਿ ਫ਼ੈਸਲੇ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ।


ਡਾ. ਯੋਗਰਾਜ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਰਾਣੇ ਫ਼ੈਸਲੇ ਸਕੂਲਾਂ ਦੀ ਆਰਥਿਕ ਸਥਿਤੀ ਦੇਖਦੇ ਹੋਏ ਬਦਲਿਆ ਗਿਆ ਹੈ। ਕੋਵਿਡ 19 ਕਰਕੇ ਨਿੱਜੀ ਸਕੂਲਾਂ ਨੇ ਬੋਰਡ ਨੂੰ ਅਪੀਲ ਕੀਤੀ ਸੀ ਕਿ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਐਨਾ ਵੱਡਾ ਜੁਰਮਾਨਾ ਭਰਨਾ ਔਖਾ ਹੋਵੇਗਾ, ਇਸ ਲਈ ਮਹਾਮਾਰੀ ਨਾਲ ਹੋਏ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਬੋਰਡ ਨੇ ਆਪਣੇ ਪਹਿਲੇ ਫੈਸਲੇ ਵਿੱਚ ਤਬਦੀਲੀ ਕਰਦੇ ਹੋਏ ਮਾਨਤਾ ਪ੍ਰਾਪਤ ਸਕੂਲਾਂ ਨੂੰ ਇਸ ਸਾਲ 5000 ਹਜ਼ਾਰ ਪ੍ਰਤੀ ਵਿਦਿਆਰਥੀ ਜੁਰਮਾਨੇ ਨੂੰ ਘਟਾ ਕੇ 1000 ਰੁਪਏ ਪ੍ਰਤੀ ਵਿਦਿਆਰਥੀ ਕੀਤਾ ਗਿਆ ਹੈ।

ਸਰਕਾਰੀ ਸੀਨੀਅਰ ਸਮਾਰਟ ਸਕੂਲ ਸਕਰੌਦੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਕਰਵਾਇਆ

 ਸਰਕਾਰੀ ਸੀਨੀਅਰ ਸਮਾਰਟ ਸਕੂਲ ਸਕਰੌਦੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਕਰਵਾਇਆ ਭਵਾਨੀਗੜ੍ਹ, 21 ਅਗਸਤ 2021: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸਮਾਰਟ ਸਕੂਲ ਸਕਰੌਦੀ ਵਿਖੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। 


ਇਹ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਪਾਲ ਸਿੰਘ ਸਿੱਧੂ, ਜਿਲ੍ਹਾ ਨੋਡਲ ਅਫ਼ਸਰ ਮੈਡਮ ਕਿਰਨ ਬਾਲਾ ਅਤੇ ਬਲਾਕ ਨੋਡਲ ਅਫਸਰ ਰਾਜਵੰਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਸਤਪਾਲ ਸਿੰਘ ਬਲਾਸੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਏ ਗਏ।


ਇਨ੍ਹਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਬਾਰੇ ਬਹੁਤ ਪ੍ਭਾਵਸਾਲੀ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਐਕਟੀਵਿਟੀ ਇੰਚਾਰਜ ਕੁਲਦੀਪ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਮੁਕਬਾਲਿਆ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। 


ਇਹਨਾਂ ਭਾਸ਼ਣ ਮੁਕਾਬਲਿਆਂ ਵਿੱਚ ਮਿਡਲ ਪੱਧਰ ਤੇ ਪਰਨੀਤ ਕੌਰ ਨੇ ਪਹਿਲੀ ਪੁਜੀਸ਼ਨ, ਸੁਮਨਪ੍ਰੀਤ ਕੌਰ ਨੇ ਦੂਜੀ ਪੁਜ਼ੀਸ਼ਨ ਅਤੇ ਗੁਰਜੋਤ ਸਿੰਘ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸਕੂਲ ਮੁਖੀ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਅੱਗੇ ਤੋਂ ਵਧ-ਚੜ੍ਹ ਕੇ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਸੋਈ ਦੇ ਪ੍ਰਧਾਨ ਕਰਨਵੀਰ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ

 ਸੋਈ ਦੇ ਪ੍ਰਧਾਨ ਕਰਨਵੀਰ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ 


ਭਵਾਨੀਗੜ੍ਹ, 21 ਅਗਸਤ 2021: ਐਸ. ਓ. ਆਈ. ਦੇ ਮਾਲਵਾ ਜੋਨ 5 ਦੇ ਨਵ-ਨਿਯੁਕਤ ਪ੍ਰਧਾਨ ਕਰਨਵੀਰ ਸਿੰਘ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਕਰਨਵੀਰ ਸਿੰਘ ਕ੍ਰਾਂਤੀ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਭੀਮ ਸਿੰਘ ਵੜੈਚ ਅਤੇ ਸੋਈ ਦੇ ਪ੍ਰਧਾਨ ਰੌਬਿਨ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦ ਹੈ। ਸ਼ਰੋਮਣੀ ਅਕਾਲੀ ਦਲ ਵਲੋਂ ਯੂਥ ਵਿੰਗ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅੱਗੇ ਲਿਆਂਦਾ ਜਾਵੇ।ਇਸ ਮੌਕੇ ਪਵਨ ਸ਼ਰਮਾ, ਚਰਨ ਸਿੰਘ ਚੋਪੜਾ, ਵਤਨਦੀਪ ਕੌਰ, ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਪਲਵਿੰਦਰ ਕੌਰ ਸਾਬਕਾ ਕੌਂਸਲਰ, ਕੁਲਦੀਪ ਸ਼ਰਮਾ, ਡਾ. ਵਿਨੋਦ, ਗਗਨਪ੍ਰੀਤ ਸਿੰਘ, ਲਾਲੀ ਅੰਟਾਲ, ਵਰਿੰਦਰ ਜੋਸ਼ਨ, ਨਵਦੀਪ ਔਲਖ ਮਲੋਟ, ਕਰਨ ਪਟਿਆਲਾ, ਰੁਪਿੰਦਰ ਰਿੰਕਾ, ਜਤਿੰਦਰ ਗਰੇਵਾਲ, ਇਕਬਾਲ ਗਰੇਵਾਲ, ਸ਼ਿਵਰਾਜ, ਮੰਨੂ ਵੜੈਚ, ਰਵਿੰਦਰ ਸਿੰਘ ਠੇਕੇਦਾਰ, ਰੰਗੀ ਖਾਨ, ਸੈਂਟੀ ਗਿੱਲ, ਗੁਰਪ੍ਰੀਤ ਕਾਕਾ, ਅਜੈਬ ਸਿੰਘ ਬਖੋਪੀਰ, ਗੁਰਵਿੰਦਰ ਸੱਗੂ ਕੌਂਸਲਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜਰ ਸਨ।

ਸਿੱਖਿਆ ਮੰਤਰੀ ਦਿਉ ਜਵਾਬ, ਢਾਈ ਸਾਲਾਂ ਤੋਂ AG ਪੰਜਾਬ ਨੇ ਫਾਇਲ ਕਿਉ ਨਹੀ ਪਾਸ ਕੀਤੀ ਜਨਾਬ?

 *ਸਿੱਖਿਆ ਮੰਤਰੀ ਦਿਉ ਜਵਾਬ, ਢਾਈ ਸਾਲਾਂ ਤੋਂ AG ਪੰਜਾਬ ਨੇ ਫਾਇਲ ਕਿਉ ਨਹੀ ਪਾਸ ਕੀਤੀ ਜਨਾਬ?*
*24 ਅਗਸਤ ਨੂੰ ਜਵਾਬ ਮੰਗਣ ਲਈ ਸਿੱਖਿਆ ਮੰਤਰੀ ਦੀ ਪਟਿਆਲਾ ਘਰ ਨੂੰ ਜਾਣਗੇ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ*

ਸਿੱਖਿਆ ਮੰਤਰੀ ਦਿਉ ਜਵਾਬ, ਢਾਈ ਸਾਲਾਂ ਤੋਂ AG ਪੰਜਾਬ ਨੇ ਫਾਇਲ ਕਿਉ ਨਹੀ ਪਾਸ ਕੀਤੀ ਜਨਾਬ?

*2019 ਦੀ ਵਿੱਤ ਵਿਭਾਗ ਦੀ ਮੰਨਜ਼ੂਰੀ ਦੇ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਦਫ਼ਤਰੀ ਮੁਲਾਜ਼ਮ*


ਮਿਤੀ 21-08-2021(ਨਵਾਂਸ਼ਹਿਰ) ਅਸੀ ਅਕਸਰ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਮੰਤਰੀ ਸਰਕਾਰ ਹੁੰਦਾ ਹੈ। ਸਰਕਾਰ ਵੱਲੋ ਐਡਵੋਕੇਟ ਜਨਰਲ ਦੀ ਨਿਯੁਕਤੀ ਲੀਗਲ ਰਾਏ ਦੇਣ ਲਈ ਕੀਤੀ ਜਾਂਦੀ ਹੈ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਢਾਈ ਸਾਲ ਤੋਂ AG ਪੰਜਾਬ ਤੋਂ ਇੱਕ ਲੀਗਲ ਰਾਏ ਨਹੀ ਲੈ ਸਕੇ ਉਹ ਵੀ ਓਸ ਕੰਮ ਲਈ ਜੋ ਪਹਿਲਾਂ ਹੀ ਸਰਕਾਰ ਵੱਲੋ ਕੀਤਾ ਜਾ ਚੁੱਕਾ ਹੈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਨਰਿੰਦਰ ਕੌਰ ਨੇ ਦੱਸਿਆ ਕਿ ਸਾਲ 2018 ਵਿੱਚ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਤੇ ਉਹਨਾਂ ਦੇ ਨਾਲ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ, ਇਸ ਫੈਸਲੇ ਤੋਂ ਬਾਅਦ ਹੀ ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀ ਲਗਾਤਾਰ ਇਹ ਗੱਲ ਕਿਹ ਰਹੇ ਹਨ ਕਿ ਤੁਹਾਡਾ ਹੱਕ ਬਣਦਾ ਹੈ ਤੇ ਤੁਹਾਨੂੰ ਵੀ ਅਧਿਆਪਕਾਂ ਵਾਂਗ ਪੱਕਾ ਕਰਾਂਗੇ। ਪਰ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਮੰਨਜ਼ੂਰੀ ਮਿਲਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮਸਲਾ ਕੈਬਿਨਟ ਤੋਂ ਪਾਸ ਨਹੀ ਕਰਵਾ ਸਕੇ ਤੇ ਹਰ ਵਾਰ ਮਿਲਣ ਤੇ ਉਹਨਾਂ ਵੱਲੋ ਇਹੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਤੇ ਫਾਇਲ ਮੇਰੀ ਕਾਰ ਵਿਚ ਹੈ। 

ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਇਹ ਨਹੀ ਕਿ ਇਸ ਸਮੇਂ ਦੌਰਾਨ ਉਹ ਸਿਰਫ ਸਿੱਖਿਆ ਮੰਤਰੀ ਨੂੰ ਹੀ ਮਿਲੇ ਨੇ ਬਲਕਿ ਉਹ ਸਰਕਾਰੇ ਦਰਬਾਰੇ ਹਰ ਮੰਤਰੀ, ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ, ਓ ਐਸ ਡੀ ਤੇ ਵਿਧਾਇਕਾਂ ਸਭ ਨੂੰ ਮਿਲ ਚੁੱਕੇ ਹਨ ਪਰ ਤੇ ਉਹਨਾਂ ਦਾ ਕੇਸ ਸੁਣਨ ਤੋਂ ਬਾਅਦ ਹਰ ਕੋਈ ਇਹੀ ਕਹਿੰਦਾ ਹੈ ਕਿ ਤੁਹਾਡੇ ਨਾਲ ਗ਼ਲਤ ਹੋਇਆ ਤੇ ਤੁਹਾਨੂੰ ਵੀ ਰੈਗੂਲਰ ਕਰਨਾ ਬਣਦਾ ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਜਿਸ ਕਾਰਣ ਮੁਲਾਜ਼ਮਾਂ ਵਿੱਚ ਕਾਫੀ ਰੋਸ ਹੈ। 

ਮੁਲਾਜ਼ਮਾਂ ਨੇ ਅੱਗੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਫਾਇਲ ਨੂੰ ਕਾਰ ਵਿੱਚ ਝੂਟੇ ਨਾ ਦਿਵਾਉਣ ਬਲਕਿ ਓਸ ਨੂੰ ਪਾਸ ਕਰਵਾਉਣ। ਸਿੱਖਿਆ ਮੰਤਰੀ ਦੇ ਵਤੀਰੇ ਤੋਂ ਅੱਕੇ ਮੁਲਾਜ਼ਮ 24 ਅਗਸਤ ਨੂੰ ਦਫਤਰਾਂ ਤੋਂ ਛੁੱਟੀ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਪਟਿਆਲਾ ਘਰ ਵੱਲ ਨੂੰ ਮਾਰਚ ਕਰਨਗੇ ਤੇ ਸਵਾਲ ਕਰਨਗੇ ਕਿ ਸਾਨੂੰ ਅਜੇ ਤੱਕ ਪੱਕਾ ਕਿਉ ਨਹੀ ਕੀਤਾ ਗਿਆ। ਜੇਕਰ ਸਰਕਾਰ ਤੇ ਸਿੱਖਿਆ ਮੰਤਰੀ ਨੇ ਮੁਲਾਜ਼ਮਾਂ ਦਾ ਮਸਲਾ ਹੱਲ ਨਹੀ ਕੀਤਾ ਤਾਂ ਮੁਲਾਜ਼ਮ ਪਟਿਆਲਾ ਵਿੱਖੇ ਪੱਕਾ ਧਰਨਾ ਲਗਾਉਣਗੇ।

ਵਿਜੈ ਇੰਦਰ ਸਿੰਗਲਾ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ‘ਚ ਬਹੁ-ਕਰੋੜੀ ਪ੍ਰਾਜੈਕਟਾਂ ਦੀ ਸ਼ੁਰੂਆਤ

 ਵਿਜੈ ਇੰਦਰ ਸਿੰਗਲਾ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ‘ਚ ਬਹੁ-ਕਰੋੜੀ ਪ੍ਰਾਜੈਕਟਾਂ ਦੀ ਸ਼ੁਰੂਆਤਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਤਿ-ਆਧੁਨਿਕ ਪੈਟ-ਸੀ.ਟੀ. ਮਸ਼ੀਨ ਲਈ ਮਨਜ਼ੂਰ ਕੀਤੇ 15 ਕਰੋੜ ਰੁਪਏ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾਸੰਗਰੂਰ ਵਿਚਲੇ ਕੈਂਸਰ ਹਸਪਤਾਲ ‘ਚ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦੈ ਮੁਫ਼ਤ: ਵਿਜੈ ਇੰਦਰ ਸਿੰਗਲਾਦਲਜੀਤ ਕੌਰ ਭਵਾਨੀਗੜ੍ਹਸੰਗਰੂਰ, 21 ਅਗਸਤ 2021: ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਬਹੁ-ਕਰੋੜੀ ਪ੍ਰਾਜੈਕਟਾਂ ਨੂੰ ਲੋਕ ਅਰਪਿਤ ਕੀਤਾ ਅਤੇ ਲੋਕ ਭਲਾਈ ਲਈ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। 
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਨਾਲ ਲੈੱਸ ਰੇਡੀਆਲੋਜੀ ਬਲਾਕ ਤੇ ਅਤੇ 6 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ। ਇਹਨਾਂ ਪ੍ਰਾਜੈਕਟਾਂ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਸਥਾਨਕ ਰਣਬੀਰ ਕਲੱਬ ਨੇੜੇ 3 ਕਰੋੜ 92 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀ ਡਾਕਟਰਾਂ ਦੀ ਰਿਹਾਇਸ਼ ਅਤੇ 3 ਕਰੋੜ 90 ਲੱਖ ਦੀ ਲਾਗਤ ਨਾਲ ਕੈਂਸਰ ਹਸਪਤਾਲ ‘ਚ ਹੀ ਰਿਹਾਇਸ਼ੀ ਖੇਤਰ ਦੇ ਵਿਕਾਸ ਲਈ ਬਲਾਕ ਦੇ ਨੀਂਹ ਪੱਥਰ ਵੀ ਰੱਖੇ।ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਹਸਪਤਾਲ ਨਾ ਕੇਵਲ ਸੰਗਰੂਰ ਸਗੋਂ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਦੇ ਕੈਂਸਰ ਪੀੜਤਾਂ ਦੇ ਇਲਾਜ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲਾਂ ਕੈਂਸਰ ਦੇ ਮਰੀਜ਼ ਰੇਲ ਗੱਡੀ ਰਾਹੀਂ ਬੀਕਾਨੇਰ ਜਾਂਦੇ ਸਨ ਪਰ ਹੁਣ ਦੂਰ-ਦਾਰਡਿਉਂ ਇਲਾਜ ਲਈ ਸੰਗਰੂਰ ਦੇ ਕੈਂਸਰ ਹਸਪਤਾਲ ‘ਚ ਆਉਂਦੇ ਹਨ।ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਦਿਲਚਸਪੀ ਲੈ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਮਰੀਜ਼ਾਂ ਨੂੰ ਰਾਹਤ ਦਿਵਾਉਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੰਗਰੂਰ ਹਲਕੇ ਨੂੰ ਕੈਂਸਰ ਮੁਕਤ ਕਰਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਟ-ਸੀ.ਟੀ. ਮਸ਼ੀਨ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਜਲਦ ਹੀ ਇਹ ਅਤਿ-ਆਧੁਨਿਕ ਮਸ਼ੀਨ ਕੈਂਸਰ ਹਸਪਤਾਲ ‘ਚ ਮਰੀਜ਼ਾਂ ਦੇ ਇਲਾਜ ਲਈ ਸਥਾਪਿਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਕੈਂਸਰ ਦਾ ਸ਼ੁਰੂਆਤ ਸਟੇਜ ‘ਤੇ ਪਤਾ ਲਗਾਉਣ ‘ਚ ਵੱਡੀ ਮਦਦ ਕਰਨਗੀਆਂ।ਕੈਬਨਿਟ ਮੰਤਰੀ ਨੇ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਇਲਾਜ ਕਰਵਾਉਣ ਵਾਲੇ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਕਿਉਂ ਜੋ ਕੈਂਸਰ ਪੀੜਤਾਂ ਨੂੰ ਬਹੁਤ ਹੀ ਸੀਮਤ ਦਰਾਂ ‘ਤੇ ਇਲਾਜ ਸੁਵਿਧਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਸਪਤਾਲ ਵਿੱਚ ਕੀਮੋਥੈਰੇਪੀ ਦਵਾਈਆਂ, ਸਾਧਾਰਨ ਦਵਾਈਆਂ ਅਤੇ ਸਰਜੀਕਲ ਦੇ ਮੁੱਲ ‘ਤੇ 70 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟਾਟਾ ਹਸਪਤਾਲ ਦੀ ਤਰਫੋਂ ਇਲਾਜ ਲਈ ਵਿਸ਼ੇਸ਼ ਛੋਟ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਦੇ ਤਹਿਤ ਡੇਢ ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਹੋਣ ਕਰਕੇ ਬਹੁਤੇ ਮਰੀਜ਼ਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਅਤਿ-ਆਧੁਨਿਕ ਇਲਾਜ ਲਈ ਕੋਈ ਖਰਚਾ ਨਹੀਂ ਕਰਨਾ ਪੈਂਦਾ। ਉਨ੍ਹਾ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ 26 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦਾ ਇੱਥੇ ਸਫ਼ਲ ਇਲਾਜ਼ ਹੋ ਚੁੱਕਾ ਹੈ। ਇਸ ਮੌਕੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਡਾਇਰੈਕਟਰ ਡਾ. ਆਰ.ਏ. ਬਡਵੇ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਇਸ ਉਪਰਾਲੇ ਪ੍ਰਤੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਐਮ.ਪੀ. ਹੁੰਦੇ ਹੋਏ ਕੀਤੇ ਗਏ ਠੋਸ ਤੇ ਅਣਥੱਕ ਯਤਨਾਂ ਦੇ ਨਾਲ 30 ਬਿਸਤਰਿਆਂ ਦੀ ਸਮਰੱਥਾ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸ਼ੁਰੂਆਤ ਸਾਲ 2013 ਵਿੱਚ ਓਦੋਂ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਦਮ ਸਦਕਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਵਿੱਚ ਮਰੀਜ਼ਾਂ ਦੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲੋੜਵੰਦ ਮਰੀਜ਼ਾਂ ਲਈ ਇਹ ਇੱਕ ਵੱਡੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਡਾਇਰੈਕਟਰ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਡਾ. ਰਾਕੇਸ਼ ਕਪੂਰ, ਚੀਫ਼ ਇੰਜਨੀਅਰ ਪੀ.ਡਬਲਿਯੂ.ਡੀ. ਇੰਜ. ਐਨ ਆਰ. ਗੋਇਲ, ਐਚ.ਡੀ.ਐਫ.ਸੀ. ਬੈਂਕ ਦੇ ਉੱਤਰੀ-2 ਦੇ ਬ੍ਰਾਂਚ ਬੈਂਕਿੰਗ ਮੁਖੀ ਵਿਨੀਤ ਅਰੋੜਾ, ਡਾ. ਨਿਤਿਨ ਮਰਾਠੇ, ਡਾ. ਸੁਆਸ਼ ਕੁਲਕਰਨੀ, ਡਾ. ਰਾਹਤਦੀਪ ਸਿੰਘ ਬਰਾੜ, ਡਾ. ਸੰਕਲਪ ਸੰਚੇਤੀ ਅਤੇ ਡਾ. ਸ਼ਵੇਤਾ ਤਾਲਨ ਤੋਂ ਇਲਾਵਾ ਹਸਪਤਾਲ ਦਾ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ।

ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਟੈਂਕੀ 'ਤੇ ਚੜ੍ਹਿਆ

 ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ  ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਟੈਂਕੀ 'ਤੇ ਚੜ੍ਹਿਆ


ਸਿੱਖਿਆ ਮੰਤਰੀ ਦੇ ਉਦਘਾਟਨ ਕਰਨ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਲਗਾਇਆ ਪੱਕਾ ਮੋਰਚਾ


ਦਲਜੀਤ ਕੌਰ ਭਵਾਨੀਗੜ੍ਹਸੰਗਰੂਰ, 21 ਅਗਸਤ 2021: ਸਿੱਖਿਆ ਮੰਤਰੀ ਦੀ ਹਰੇਕ ਜਗ੍ਹਾ ਪੈੜ ਨੱਪਦੇ ਆ ਰਹੇ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰਾ ਪਾਇਆ ਹੋਇਆ ਹੈ, ਉਥੇ ਬੇਰੁਜ਼ਗਾਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੈਂਸਰ ਯੂਨਿਟ ਦਾ ਉਦਘਾਟਨ ਕਰਨ ਪਹੁੰਚਣ ਤੋਂ ਪਹਿਲਾਂ ਹੀ ਇੱਕ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜਲਿਕਾ ਨੇ ਅਚਾਨਕ ਸਵੇਰੇ 4:30 ਵਜੇ ਹਸਪਤਾਲ ਅੰਦਰਲੀ ਟੈਂਕੀ ਉੱਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਟੈੱਟ ਪਾਸ ਬੇਰੁਜ਼ਗਾਰ ਬੀ. ਐਡ. ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਤੇ ਪੱਕਾ ਮੋਰਚਾ ਲਗਾਈ ਬੈਠੇ ਹਨ ਅਤੇ ਪੰਜਾਬ ਸਰਕਾਰ ਤੋਂ ਲਗਾਤਾਰ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਪਰੰਤੂ ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਬੇਰੁਜ਼ਗਾਰਾਂ ਨੂੰ ਸਿੱਖਿਆ ਮੰਤਰੀ ਲਗਾਤਾਰ ਲਾਰੇ ਲਗਾਉਂਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਨੂੰ ਦਰ-ਕਿਨਾਰ ਕਰ ਰਹੀ ਸਰਕਾਰ ਤੋਂ ਖ਼ਫ਼ਾ ਬੇਰੁਜ਼ਗਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਕਰਕੇ ਉਕਤ ਬੇਰੁਜ਼ਗਾਰ ਨੇ ਅਜਿਹਾ ਕਦਮ ਚੁੱਕਿਆ ਹੈ। ਇਸ ਮੌਕੇ ਟੈਂਕੀ ਤੇ ਚੜ੍ਹੇ ਹੋਏ ਬੇਰੁਜ਼ਗਾਰ ਅਧਿਆਪਕ ਮੁਨੀਸ਼ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਟੈਂਕੀ ਉਪਰ ਡਟੇ ਰਹੇਗਾ।ਉੱਧਰ ਸਿੱਖਿਆ ਮੰਤਰੀ ਦੇ ਹਸਪਤਾਲ ਪਹੁੰਚਣ ਮੌਕੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਨੇ ਘਿਰਾਓ ਦੀ ਕੋਸਿਸ਼ ਕੀਤੀ ਜਿਸਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੇ ਨਾਕਾਮ ਕਰ ਦਿੱਤਾ। ਬੇਰੁਜ਼ਗਾਰਾਂ ਨੇ ਟੈਂਕੀ ਹੇਠ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੇਠਾਂ ਹਸਪਤਾਲ ਦੀ ਕੰਧ ਨਾਲ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਬੇਰੁਜ਼ਗਾਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ ਹੋਰ ਸਾਰੇ ਵਿਸ਼ਿਆਂ ਦੀਆਂ 5000 ਤੋਂ ਵਧੇਰੇ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਬੇਰੁਜ਼ਗਾਰ ਅਧਿਆਪਕਾਂ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਰਿਲੀਜਨ ਸਟੱਡੀਜ਼, ਡਿਫੈਂਸ ਸਟੱਡੀਜ਼, ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ, ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ।
ਇਸ ਮੌਕੇ ਅਮਨ ਸੇਖਾ, ਕੁਲਵੰਤ ਲੌਂਗੋਵਾਲ, ਹਰਦੀਪ ਫਾਜਲਿਕਾ, ਸੰਦੀਪ ਗਿੱਲ, ਗਗਨਦੀਪ ਕੌਰ ਭਵਾਨੀਗੜ੍ਹ, ਪ੍ਰਿਤਪਾਲ ਕੌਰ, ਜਗਜੀਤ ਸਿੰਘ ਜੱਗੀ ਜੋਧਪੁਰ, ਅੰਗਰੇਜ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਠਿੰਡਾ, ਬਲਕਾਰ ਸਿੰਘ ਮਾਨਸਾ, ਰੇਨੂੰ ਦੋਵੇਂ ਮਾਨਸਾ, ਸੁਖਪਾਲ ਖਾਨ ਲਹਿਰਾ, ਗੋਰਖਾ ਸਿੰਘ ਲਹਿਰਾ, ਹਰਦੀਪ ਕੌਰ ਬਰਨਾਲਾ, ਸੁਖਵੀਰ ਕੌਰ ਬਰਨਾਲਾ, ਮੈਡਮ ਪੂਜਾ ਭਾਟੀਆ, ਸੁਖਵੀਰ ਦੁਗਾਲ, ਗੁਰਪ੍ਰੀਤ ਸਿੰਘ ਖੰਨਾ, ਜਤਿੰਦਰ ਸਿੰਘ, ਗੁਰਮੀਤ ਕੌਰ ਖੇੜੀ ਕਲਾਂ,‌ ਪ੍ਰਿਤਪਾਲ ਕੌਰ, ਕਿਰਨ ਈਸੜਾ, ਰਾਜ ਕਿਰਨ, ਨਰਪਿੰਦਰ ਕੌਰ, ਗੁਰਦੀਪ ਕੌਰ, ਰੇਖਾ ਰਾਣੀ, ਸਨੀ ਝਨੇੜੀ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਕੁਲਵਿੰਦਰ ਸਿੰਘ ਅਕਬਰਪੁਰ ਖਨਾਲ, ਸੁਖਜੀਤ ਸਿੰਘ ਬੀਰ ਕਲਾਂ, ਹਰੀਸ਼ ਬੱਲਰਾਂ, ਬਿੰਦਰ ਪਾਲ ਕੌਰ ਅਤੇ ਰਿੰਕੂ ਕੰਬੋਜ਼ ਆਦਿ ਸੈਂਕੜੇ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦਾ ਦੌਰਾ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦਾ ਦੌਰਾ।

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ। 

ਪਠਾਨਕੋਟ, 21 ਅਗਸਤ ( ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਅਧਿਆਪਕਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਸਵੇਰੇ ਸਵਾ ਸਾਢੇ ਨੌਂ ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਭੂਰ ਵਿਖੇ ਪਹੁੰਚ ਗਏ ਸਨ। ਇਥੇ ਉਨ੍ਹਾਂ ਵੱਲੋਂ ਅਧਿਆਪਕਾਂ ਕੋਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ, ਸਰਕਾਰੀ ਹਾਈ ਸਕੂਲ ਲਹਿਰੂਨ, ਸਰਕਾਰੀ ਪ੍ਰਾਇਮਰੀ ਸਕੂਲ ਲਹਿਰੂਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ, ਸਰਕਾਰੀ ਪ੍ਰਾਇਮਰੀ ਸਕੂਲ ਦੁਨੇਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਧਾਰਕਲਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਵੱਲੋਂ ਜਿਥੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਉਥੇ ਹੀ ਸਕੂਲਾਂ ਦੇ ਵਿਕਾਸ ਕਾਰਜਾਂ, ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਅਤੇ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਆਪਣੇ ਦੌਰੇ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਧਿਆਪਕਾਂ ਨੇ ਸਕੂਲਾਂ ਵਿੱਚ ਆਪਣੀ ਅਣਥੱਕ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਦੇ ਹੋਏ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਹੈ ਅਤੇ ਪੰਜਾਬ ਨੂੰ ਪੀਜੀਆਈ ਇੰਡੈਕਸ ਸਰਵੇ ਵਿੱਚ ਪੂਰੇ ਭਾਰਤ ਵਿੱਚੋਂ ਨੰਬਰ ਇੱਕ ਦਾ ਸੂਬਾ ਬਣਾਇਆ ਹੈ, ਹੁਣ ਉਸੇ ਜਨੂੰਨ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਪੰਜਾਬ ਨੂੰ ਨੰਬਰ ਇੱਕ ਤੇ ਲੈਕੇ ਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਤੇ ਪੂਰਾ ਭਰੋਸਾ ਹੈ ਉਹ ਪੰਜਾਬ ਦੀ ਸਿੱਖਿਆ ਨੂੰ ਨੰਬਰ ਇੱਕ ਤੇ ਲੈਕੇ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਗੇ। ਗੌਰਤਲਬ ਹੈ ਕਿ ਸਿੱਖਿਆ ਸਕੱਤਰ ਦੇ ਇਸ ਪ੍ਰੇਰਨਾਦਾਇਕ ਦੌਰੇ ਨਾਲ ਅਧਿਆਪਕਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ਵੱਲੋਂ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੂੰ ਨੰਬਰ ਇੱਕ ਤੇ ਲੈਕੇ ਆਉਣਾ ਲਈ ਕੋਈ ਕਸਰ ਨਹੀਂ ਛੱਡਣਗੇ।

ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਅਧਿਆਪਕਾਂ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ 23 ਅਗਸਤ ਤੋਂ ਸ਼ੁਰੂ

 ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਅਧਿਆਪਕਾਂ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ 23 ਅਗਸਤ ਤੋਂ ਸ਼ੁਰੂ


ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਨਵ-ਨਿਯੁਕਤ ਮਾਸਟਰ/ ਮਿਸਟ੍ਰੈਸ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਵਿੱਚ ਭਾਗ ਲੈਣਗੇ


ਐੱਸ.ਏ.ਐੱਸ. ਨਗਰ 21 ਅਗਸਤ (   ) ਸਿੱਖਿਆ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਿਰੰਤਰ ਯਤਨਸ਼ੀਲ ਹੈ। ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਦੀਆਂ 2392 ਅਸਾਮੀਆਂ ਅਧੀਨ ਨਿਯੁਕਤ ਹੋਏ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅਧਿਆਪਕਾਂ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਮਿਤੀ 23, 24 ਅਤੇ 25 ਅਗਸਤ ਨੂੰ ਕਰਵਾਈ ਜਾ ਰਹੀ ਹੈ।

  ਇਸ ਬਾਰੇ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕਿਹਾ ਕਿ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਦੇ ਨਵ-ਨਿਯੁਕਤ ਅਧਿਆਪਕਾਂ ਨੂੰ ਵਿਸ਼ੇ ਨਾਲ ਸਬੰਧਤ ਟ੍ਰੇਨਿੰਗ ਦੇਣ ਦੇ ਨਾਲ-ਨਾਲ ਕੌਮੀ ਪ੍ਰਾਪਤੀ ਸਰਵੇਖਣ-2021 ਦੀ ਤਿਆਰੀ ਸਬੰਧੀ, ਈ-ਕੰਟੈਂਟ ਡਿਵੈੱਲਪਮੈਂਟ, ਦੀਕਸ਼ਾ ਪੋਰਟਲ ਤੇ ਕੰਟੈਂਟ ਨੂੰ ਅਪਲੋਡ ਕਰਨ, ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਵੈੱਬਸਾਈਟਾਂ ਤੇ ਪੋਰਟਲ ਦੀ ਵਰਤੋਂ, ਆਈ. ਸੀ. ਟੀ. ਰੂਲਜ਼ ਬਾਰੇ ਨਵ-ਨਿਯੁਕਤ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਨਵ-ਨਿਯੁਕਤ ਅਧਿਆਪਕ ਉਹਨਾਂ ਦੇ ਨਿਯੁਕਤੀ ਪੱਤਰ ਵਿੱਚ ਦਰਜ ਜ਼ਿਲ੍ਹੇ ਵਿੱਚ ਉਪਲਬਧ ਟ੍ਰੇਨਿੰਗ ਸਥਾਨਾਂ ਤੇ ਸਿਖਲਾਈ ਪ੍ਰਾਪਤ ਕਰਨਗੇ, ਜਿਸ ਦੀ ਸੂਚੀ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ।

   ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਮੂਹ ਅਧਿਆਪਕ ਆਪਣੇ ਨਾਲ ਆਪਣੇ ਨਿਯੁਕਤੀ ਪੱਤਰ ਦੀ ਕਾਪੀ ਅਤੇ ਪਹਿਚਾਣ ਪੱਤਰ ਲੈ ਕੇ ਆਉਣਗੇ। ਇਸ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ) ਦੀ ਯੋਗ ਅਗਵਾਈ ਅਧੀਨ ਸਮੂਹ ਡਾਇਟ ਪ੍ਰਿੰਸੀਪਲ, ਪੜ੍ਹੋ ਪੰਜਾਬ ਪੜ੍ਹਾਓ ਟੀਮਾਂ, ਬਲਾਕ ਨੋਡਲ ਅਫ਼ਸਰ ਆਪਣਾ ਬਣਦਾ ਯੋਗਦਾਨ ਪਾਉਣਗੇ।

ਪੰਜਾਬ ਸਰਕਾਰ ਗੰਨੇ ਦੇ ਬਕਾਇਆ ਦਾ ਤੁਰੰਤ ਭੁਗਤਾਨ ਕਰੇ; ਭਾਅ 400 ਰੁਪਏ ਫੀ ਕੁਇੰਟਲ ਤੈਅ ਕੀਤਾ ਜਾਵੇ: ਕਿਸਾਨ ਮੋਰਚਾ

 ਪੰਜਾਬ ਸਰਕਾਰ ਗੰਨੇ ਦੇ ਬਕਾਇਆ ਦਾ ਤੁਰੰਤ ਭੁਗਤਾਨ ਕਰੇ; ਭਾਅ 400 ਰੁਪਏ ਫੀ ਕੁਇੰਟਲ ਤੈਅ ਕੀਤਾ ਜਾਵੇ: ਕਿਸਾਨ ਮੋਰਚਾ19 ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹਨ ਲਈ ਮਜ਼ਬੂਰ ਹੋਈਆਂ; ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਉਭਾਰੀ: ਕਿਸਾਨ ਆਗੂ 

ਚੰਡੀਗੜ੍ਹ, 21 ਅਗਸਤ 2021: ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਸੂਬੇ ਭਰ 'ਚ ਜਾਰੀ ਪੱਕੇ-ਧਰਨੇ 325ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਹੇ। ਅੱਜ ਧਰਨਿਆਂ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਲੰਧਰ ਜਿਲ੍ਹੇ ਵਿੱਚ ਗੰਨੇ ਦੀ ਲਾਹੇਵੰਦ ਭਾਅ ਲੈਣ ਲਈ ਅਤੇ ਬਕਾਇਆ ਦੇ ਭੁਗਤਾਨ ਲਈ ਲਾਏ ਧਰਨੇ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਗੰਨੇ ਦੇ ਭਾਅ ਵਿੱਚ ਮਹਿਜ਼ 15 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਭਾਅ ਨਾਲ ਫਸਲ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਗੰਨੇ ਦਾ ਮੁੱਲ 358 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਦੇ ਕਿਸਾਨ 400 ਰੁਪਏ ਦੀ ਮੰਗ ਪੂਰੀ ਕਰਵਾਏ ਬਗੈਰ ਧਰਨਾ ਨਹੀਂ ਚੁੱਕਣਗੇ। ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 200 ਕਰੋੜ ਦਾ ਬਕਾਇਆ ਪਿਛਲੇ ਦੋ ਸਾਲ ਤੋਂ ਖੜ੍ਹਾ ਹੈ। ਆਗੂਆਂ ਨੇ ਕਿਹਾ ਕਿ ਇਸ ਬਕਾਇਆ ਦਾ ਭੁਗਤਾਨ ਤੁਰੰਤ ਕੀਤਾ ਜਾਵੇ, ਵਰਨਾ ਜਲੰਧਰ ਜਿਲ੍ਹੇ ਵਰਗੇ ਧਰਨੇ ਹੋਰ ਥਾਂਈ ਵੀ ਲਾਏ ਜਾਣਗੇ।ਪੰਜਾਬ ਵਿੱਚ ਥਾਂ-ਥਾਂ ਤੇ ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀਆਂ 19 ਸਿਆਸੀ ਪਾਰਟੀਆਂ ਨੇ 20 ਸਤੰਬਰ ਤੋਂ ਦਸ ਦਿਨ ਦਾ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਹੈ। ਆਪਣੀਆਂ ਮੰਗਾਂ ਦੇ ਚਾਰਟਰ ਵਿੱਚ ਇਨ੍ਹਾਂ ਪਾਰਟੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਸਿਆਸੀ ਪਾਰਟੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾਉਣਾ ਸਾਡੀ ਇਖਲਾਕੀ ਜਿੱਤ ਹੈ। ਅਸੀਂ ਜਿੱਤ ਵੱਲ ਵਧ ਰਹੇ ਹਾਂ ਅਤੇ ਸਾਡੀ ਹਮਾਇਤ ਦਾ ਘੇਰਾ ਦਿਨ-ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਪਾਰਟੀਆਂ ਸਾਡੀ ਜਥੇਬੰਦਕ ਤਾਕਤ ਕਾਰਨ ਹੀ ਸਾਡੀ ਗੱਲ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ। ਸਾਨੂੰ ਆਪਣਾ ਇਹ ਏਕਾ ਤੇ ਜਥੇਬੰਦਕ ਤਾਕਤ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਜਰੂਰਤ ਹੈ।

ਦਸਵੀਂ ਅਤੇ ਬਾਰ੍ਹਵੀਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਦੇ ਨਾਂ ਹੇਠ ਵਿਦਿਆਰਥੀਆਂ ਤੋਂ ਤਿੰਨ ਸੌ ਰੁਪਏ ਵਸੂਲਣ ਦੀ ਨਿਖੇਧੀ

 ਦਸਵੀਂ ਅਤੇ ਬਾਰ੍ਹਵੀਂ ਦੇ  ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਦੇ ਨਾਂ ਹੇਠ ਵਿਦਿਆਰਥੀਆਂ ਤੋਂ ਤਿੰਨ ਸੌ ਰੁਪਏ ਵਸੂਲਣ ਦੀ ਨਿਖੇਧੀ ।ਮਾਸਟਰ ਕਾਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਗਾਤਾਰ ਪਿਛਲੇ ਦੋ ਸਾਲਾਂ ਵਿੱਚ ਬਿਨਾਂ ਪ੍ਰੀਖਿਆਵਾਂ ਲਏ ਵੱਡੀ ਮਾਤਰਾ ਵਿੱਚ ਪ੍ਰੀਖਿਆ ਫੀਸਾਂ ਡਕਾਰ ਜਾਣ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ  ਦੇਣ  ਲਈ ਵੀ ਤਿੰਨ ਸੌ ਰੁਪਏ ਦੀ ਮੰਗ ਕਰ ਰਿਹਾ ਹੈ   ।ਜੋ ਕਿ ਸਰਾਸਰ ਵਿਦਿਆਰਥੀਆਂ ਨਾਲ ਲੁੱਟ ਹੈ ।ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਸ. ਗੁਰਪ੍ਰੀਤ ਸਿੰਘ ਰਿਆੜ, ਵਸ਼ਿੰਗਟਨ ਸਿੰਘ ਸਮੀਰੋਵਾਲ ,ਬਲਜਿੰਦਰ ਸਿੰਘ ਧਾਲੀਵਾਲ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ     ਵੱਲੋਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਦਿਆਰਥੀਆਂ ਤੋਂ ਬੋਰਡ ਪ੍ਰੀਖਿਆਵਾਂ ਦੇ ਨਾਮ ਤੇ ਵੱਡੀ ਰਕਮ ਵਸੂਲੀ  ਕੀਤੀ ਗਈ ਹੈ ਜਦੋਂ ਕਿ  ਪਿਛਲੇ ਦੋਹਾਂ ਸੈਸ਼ਨਾਂ ਦੀਆਂ  ਬੋਰਡ ਵੱਲੋਂ ਕੋਈ ਪ੍ਰੀਖਿਆਵਾਂ ਨਹੀਂ ਕਰਾਈਆਂ ਗਈਆਂ ।ਇਸ ਲਈ ਪਿਛਲੇ ਦੋ ਸਾਲਾਂ ਦੀ ਫ਼ੀਸ ਵੀ ਵਾਪਸ ਕਰਨੀ ਬਣਦੀ ਹੈ  ।  ਜਦੋਂ ਕਿ ਬੋਰਡ ਪਿਛਲੀਆਂ ਫੀਸਾਂ ਵਾਪਸ ਕਰਨ ਦੀ ਜਗ੍ਹਾ ਤੇ ਵਿਦਿਆਰਥੀਆਂ ਤੋਂ ਤਿੱਨ ਸੌ ਰੁਪਏ ਪ੍ਰਤੀ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਹੋਰ ਮੰਗ ਕਰ ਰਿਹਾ ਹੈ ਜੋ ਕਿ ਸਰਾਸਰ ਵਿਦਿਆਰਥੀਆਂ ਨਾਲ ਧੱਕਾ ਹੈ । ਸ੍ਰੀ ਮੁਕਤਸਰ ਸਾਹਿਬ ਦੇ ਸਰਪ੍ਰਸਤ ਕੁਲਜੀਤ ਸਿੰਘ ਮਾਨ , ਜਨਰਲ ਸਕੱਤਰ ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ, ਗੁਰਮੀਤ ਸਿੰਘ ਗਿੱਲ,ਗੁਰਦੀਪ ਸਿੰਘ, ਦਲਜੀਤ ਸਿੰਘ ,ਕੁਲਦੀਪ ਸਿੰਘ ,ਹਰਕੇਵਲ ਸਿੰਘ ਸੁਖਮੰਦਰ ਸਿੰਘ ਚੰਨੂ ਹਰਜੀਤ ਸਿੰਘ ਮਧੀਰ  ,ਗੁਰਕ੍ਰਿਪਾਲ   ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕੇ   ਬੋਰਡ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਦੀ  ਫੀਸ ਵਾਪਸ ਕਰੇ ਅਤੇ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ  ਬਿਨਾਂ ਕੋਈ ਰਕਮ ਵਸੂਲ ਕੀਤੀਆਂ ਪ੍ਰਦਾਨ ਕਰਾਏ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ  ।

RECENT UPDATES

Today's Highlight