Labels
Friday, 20 August 2021
ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੰਗਦ ਸਿੰਘ ਦੀ ਕੋਠੀ ਵੱਲ ਰੋਸ ਮਾਰਚ
*ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੰਗਦ ਸਿੰਘ ਦੀ ਕੋਠੀ ਵੱਲ ਰੋਸ ਮਾਰਚ*
*ਮੰਤਰੀਆਂ / ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਚਿਤਾਵਨੀ ਪੱਤਰ*
*ਮਾਨਸੂਨ ਸੈਸ਼ਨ ਦੇ ਦੂਜੇ ਦਿਨ ਇਕ ਲੱਖ ਤੋਂ ਵੱਧ ਮੁਲਾਜ਼ਮ/ ਪੈਨਸ਼ਨਰ ਕਰਨਗੇ ਵਿਧਾਨ ਸਭਾ ਵੱਲ ਮਾਰਚ*
*04 ਸਤੰਬਰ ਤੋਂ ਵਧਣਗੇ ਲੰਬੀ ਹੜਤਾਲ ਵੱਲ*
ਨਵਾਂ ਸ਼ਹਿਰ 20 ਅਗਸਤ ( ) ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਅਜੀਤ ਸਿੰਘ ਬਰਨਾਲਾ, ਗੁਲਸ਼ਨ ਕੁਮਾਰ, ਰਾਮ ਲੁਭਾਇਆ, ਮੁਕੰਦ ਲਾਲ ਦੀ ਅਗਵਾਈ ਵਿੱਚ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੋਇਤਾ, ਕੁਲਦੀਪ ਸਿੰਘ ਦੌੜਕਾ, ਮਨਜੀਤ ਕੁਮਾਰ, ਪਰਮਜੀਤ ਸਿੰਘ, ਗੁਰਦਿਆਲ ਸਿੰਘ ਜਗਤਪੁਰ, ਗੁਰਕੀਰਤ ਸਿੰਘ, ਰੇਸ਼ਮ ਲਾਲ, ਸ਼ੰਕੁਤਲਾ ਦੇਵੀ, ਸੋਮ ਲਾਲ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਦੀਆਂ ਮੰਗਾਂ ਦੇ ਸੰਬੰਧ ਵਿਚ ਬਣਾਈ ਗਈ ਮੰਤਰੀਆਂ ਦੀ ਕਮੇਟੀ ਨਾਲ ਚਾਰ ਦੌਰ ਦੀ ਗੱਲਬਾਤ ਦੌਰਾਨ ਮੁਲਾਜ਼ਮਾਂ /ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਸਗੋਂ ਮੰਤਰੀਆਂ ਦਾ ਵਤੀਰਾ ਹੈਂਕੜਬਾਜ਼ ਹੀ ਨਜ਼ਰ ਆਇਆ ਹੈ। ਇੱਥੋਂ ਤੱਕ ਕਿ ਇਹ ਕਮੇਟੀ ਪੂਰੇ ਮੰਗ ਪੱਤਰ ਉਤੇ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਉਹ ਸਿਰਫ਼ ਤੇ ਸਿਰਫ਼ ਤਨਖਾਹ ਕਮਿਸ਼ਨ ਨੂੰ ਹੀ ਮੁੱਦਾ ਸਮਝਦੀ ਹੈ ਅਤੇ ਉਸ ਦਾ ਨਿਪਟਾਰਾ ਵੀ ਝੂਠੇ ਅੰਕੜੇ ਅਤੇ ਬੇਈਮਾਨੀ ਨਾਲ ਕਰਨਾ ਚਾਹੁੰਦੀ ਹੈ, ਨਾ ਕਿ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਇਨਸਾਫ਼ ਦੇ ਕੇ। ਪੈਨਸ਼ਨਰਜ਼ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਇਹ ਕਮੇਟੀ ਆਪਣਾ ਰਾਜਨੀਤਕ ਮੁੱਦਾ ਦੱਸਦੀ ਹੈ ਅਤੇ ਇਹ ਕਹਿ ਰਹੀ ਹੈ ਕਿ ਮੌਨਸੂਨ ਸ਼ੈਸਨ ਵਿਚ ਐਕਟ ਪਾਸ ਕੀਤਾ ਜਾਵੇਗਾ। ਜਦੋਂ ਕਿ ਇਹ ਐਕਟ ਬਿਲਕੁਲ ਹੀ ਮੁਲਾਜ਼ਮ ਵਿਰੋਧੀ ਹੈ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਜਿਉਣ ਯੋਗ ਪੈਸੇ ਦੇਣ ਵਾਸਤੇ ਤਿਆਰ ਨਹੀਂ, ਸਮਾਜਿਕ ਸੁਰੱਖਿਆ ਦੇ ਤੌਰ ਤੇ ਮਿਲਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਇਹ ਕਮੇਟੀ ਭੱਜ ਰਹੀ ਹੈ। ਆਗੂਆਂ ਆਖਿਆ ਕਿ ਪੁਨਰਗਠਨ ਦੇ ਨਾਂ ਉੱਤੇ ਅਦਾਰਿਆਂ ਦਾ ਉਜਾੜਾ ਲਗਾਤਾਰ ਜਾਰੀ ਹੈ ਅਤੇ ਮੁਢਲੀ ਤਨਖਾਹ 'ਤੇ ਨਿਯੁਕਤੀ ਦਾ ਪੱਤਰ, ਮੁਲਾਜ਼ਮ ਵਿਰੋਧੀ 3 ਸਾਲ ਪ੍ਰੋਵੇਸ਼ਨਲ ਸਮੇਂ ਦਾ ਪੱਤਰ, 17 ਜੁਲਾਈ 2020 ਦਾ ਕੇਂਦਰ ਦੇ ਤਨਖਾਹ ਸਕੇਲਾਂ ਨਾਲ ਜੋੜਨ ਵਾਲਾ ਪੱਤਰ ਅਤੇ ਡਿਵੈਲਪਮੈਂਟ ਦੇ ਨਾਂ ਤੇ ਕੱਟਿਆ ਜਾ ਰਿਹਾ 200 ਰੁਪਏ ਵਾਲਾ ਪੱਤਰ ਅਜੇ ਤੱਕ ਵਾਪਸ ਨਹੀਂ ਲਿਆ ਗਿਆ। ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਅੰਦਰ ਇਸ ਸਰਕਾਰ ਪ੍ਰਤੀ ਵਿਆਪਕ ਗੁੱਸਾ ਹੈ, ਜਿਸ ਦਾ ਪ੍ਰਗਟਾਵਾ ਅੱਜ ਮੰਤਰੀਆਂ ਦੀਆਂ ਮਹਿਲਨੁਮਾ ਕੋਠੀਆਂ ਵੱਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਨੂੰ ਚੇਤਾਵਨੀ ਪੱਤਰ ਭੇਜ ਕੇ ਕੀਤਾ ਗਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਸੈਸ਼ਨ ਦੇ ਦੂਜੇ ਕੰਮ ਵਾਲੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਪੈਨਸ਼ਨਰ ਵਿਧਾਨ ਸਭਾ ਵੱਲ ਮਾਰਚ ਕਰਨਗੇ ਅਤੇ 04 ਸਤੰਬਰ ਤੋਂ ਲੰਬੀ ਹੜਤਾਲ ਵੱਲ ਵਧਣਗੇ।
ਰੋਸ ਰੈਲੀ ਉਪਰੰਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵਿਧਾਇਕ ਅੰਗਦ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕਰਕੇ ਕੋਠੀ ਦਾ ਘਿਰਾਓ ਕੀਤਾ। ਇਸ ਸਮੇਂ ਮੋਹਨ ਸਿੰਘ ਪੂਨੀਆ, ਜਸਵਿੰਦਰ ਔਜਲਾ, ਸੁਰਿੰਦਰਪਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਘਿਰਾਓ ਦੌਰਾਨ ਹਲਕਾ ਵਿਧਾਇਕ ਅੰਗਦ ਸਿੰਘ ਨੇ ਮੁੱਖ ਮੰਤਰੀ ਦੇ ਨਾਂ ਚਿਤਾਵਨੀ ਪੱਤਰ ਪ੍ਰਾਪਤ ਕੀਤਾ।
ਨਵਾਂ ਸ਼ਹਿਰ: ਅਗਸਤ ਮਹੀਨੇ ਦੇ ਵਿਸ਼ਾਵਾਰ ਮੁਲਾਕਣ ਦਾ ਵਿਸ਼ਲੇਸ਼ਣ ਕੀਤਾ
"ਅਗਸਤ ਮਹੀਨੇ ਦੇ ਵਿਸ਼ਾਵਾਰ ਮੁਲਾਕਣ ਦਾ ਵਿਸ਼ਲੇਸ਼ਣ ਕੀਤਾ"
ਨਵਾਂ ਸ਼ਹਿਰ,20 ਅਗਸਤ(ਗੁਰਦਿਆਲ ਮਾਨ):ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਅਗਸਤ ਮਹੀਨੇ ਹੋਏ ਵਿਸ਼ਾਵਾਰ ਮੁਲਾਕਣ ਦਾ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ),ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਨਾਲ ਮੀਟਿੰਗ ਕਰਕੇ ਕੀਤਾ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦਾ ਸਮੁੱਚਾ ਔਸਤ ਨਤੀਜਾ 90 ਪ੍ਰਤੀਸ਼ਤ ਰਿਹਾ ਹੈ।ਜਿਲ੍ਹੇ ਦੇ ਸਾਰੇ ਬਲਾਕ ਜਿਲ੍ਹਾ ਨਤੀਜੇ ਤੋਂ ਉੱਪਰ ਰਹੇ ਹਨ। ਬਲਾਕ ਔੜ ਅਤੇ ਬਲਾਚੌਰ-1 ਵਿੱਚ ਗਣਿਤ ਵਿਸ਼ੇ ਦਾ ਨਤੀਜਾ ਔਸਤ ਨਾਲੋਂ ਥੋੜਾ ਘੱਟ ਪਾਇਆ ਗਿਆ ਹੈ।ਇਸ ਸੰਬੰਧੀ ਸੰਬਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਇਨ੍ਹਾਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਕਮਜੋਰ ਪੱਖ ਦਾ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਭਵਿੱਖ ਵਿੱਚ ਨਤੀਜੇ ਵਧੀਆ ਲਿਆਉਣ ਲਈ ਯੋਜਨਾਬੰਦੀ ਕੀਤੀ ਜਾਵੇ।ਉਨ੍ਹਾ ਇਹ ਵੀ ਦੱਸਿਆ ਕਿ ਜਿਲ੍ਹਾ ਅਤੇ ਬਲਾਕ ਪੱਧਰ ਦੇ ਰਿਪੋਰਟ ਕਾਰਡਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਅਤੇ ਇਸ ਸੰਬੰਧੀ ਯੋਗ ਅਗਵਾਈ ਦਿੱਤੀ ਗਈ।ਉਨ੍ਹਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਅਗਸਤ ਮੁਲਾਕਣ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਨਾਲ ਜੋੜਿਆ ਜਾਵੇ ਅਤੇ ਬੱਚਿਆਂ ਦੇ ਕਮਜੋਰ ਪੱਖ ਨੂੰ ਦੂਰ ਕਰਨ ਲਈ ਅਧਿਐਨ ਕੀਤਾ ਜਾਵੇ।ਉਨ੍ਹਾ ਇਹ ਵੀ ਹਦਾਇਤ ਕੀਤੀ ਕੀ ਵਿਭਾਗ ਵਲੋਂ ਚਲਾਏ ਜਾ ਰਹੇ ਸਵੈ ਅਭਿਆਸ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਬੱਚਿਆਂ ਨੂੰ ਜੁੜਣ ਲਈ ਪ੍ਰੈਰਿਤ ਕੀਤਾ ਜਾਵੇ ਤਾਂ ਕਿ ਨਵੰਬਰ ਮਹੀਨੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਪਹਿਲਾਂ ਵਾਂਗ ਆਪਣਾ ਨੰਬਰ ਵੰਨ ਦਾ ਸਥਾਨ ਕਾਇਮ ਰੱਖ ਸਕੇ।ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਰਿਸੋਰਸ ਗਰੁੱਪਾਂ ਤੋਂ ਵੱਧ ਤੋਂ ਵੱਧ ਪ੍ਰਸ਼ਨ ਪੱਤਰ ਤਿਆਰ ਕਰਵਾਏ ਜਾਣ ਅਤੇ ਇਨ੍ਹਾਂ ਦਾ ਬੱਚਿਆਂ ਨੂੰ ਅਭਿਆਸ ਕਰਵਾਇਆ ਜਾਵੇ।ਇਸ ਮੀਟਿੰਗ ਵਿੱਚ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਅਸ਼ੋਕ ਕੁਮਾਰ,ਅਨੀਤਾ ਕੁਮਾਰੀ,ਪਰਮਜੀਤ ਕੌਰ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਨੀਲ ਕਮਲ ਸਹਾਇਕ ਕੋਆਰਡੀਨੇਟਰ ਹਾਜਿਰ ਸਨ।
![]() |
ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਧਿਕਾਰੀਆ ਨਾਲ ਅਗਸਤ ਮੁਲਾਕਣ ਸੰਬੰਧੀ ਰੀਵਿਊ ਮੀਟਿੰਗ ਕਰਦੇ ਹੋਏ। |
ਮੁੱਖ ਮੰਤਰੀ ਨੇ ਪ੍ਰਤੀਦਿਨ ਕਾਂਗਰਸੀ ਵਿਧਾਇਕਾਂ ਤੇ ਅਹੁਦੇਦਾਰਾਂ ਨੂੰ ਮਿਲਣ ਲਈ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰੀ ਸੌਂਪੀ
ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ 10 ਮੈਂਬਰੀ ਰਣਨੀਤਿਕ ਨੀਤੀ ਸਮੂਹ ਕਾਇਮ ਕਰਨ ’ਤੇ ਸਹਿਮਤੀ
-ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੇ ਸਮੂਹ ਦੀ ਹਫਤਾਵਾਰੀ ਹੋਵੇਗੀ ਮੀਟਿੰਗ, ਸਰਕਾਰ ਦੀਆਂ ਪਹਿਲਕਦਮੀਆਂ ਤੇ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਉਣ ’ਚ ਕਰੇਗਾ ਮਦਦ
-ਮੁੱਖ ਮੰਤਰੀ ਨੇ ਪ੍ਰਤੀਦਿਨ ਕਾਂਗਰਸੀ ਵਿਧਾਇਕਾਂ ਤੇ ਅਹੁਦੇਦਾਰਾਂ ਨੂੰ ਮਿਲਣ ਲਈ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰੀ ਸੌਂਪੀ
ਚੰਡੀਗੜ, 20 ਅਗਸਤ:
ਸੱਤਾਧਾਰੀ ਧਿਰ ਅਤੇ ਸੂਬਾ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣ ਤੇ ਵੱਖੋ-ਵੱਖ ਸਰਕਾਰੀ ਪਹਿਲਕਦਮੀਆਂ, ਪ੍ਰੋਗਰਾਮਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇਕ 10-ਮੈਂਬਰੀ ‘ਰਣਨੀਤਿਕ ਨੀਤੀ ਸਮੂਹ’ ਕਾਇਮ ਕਰਨ ’ਤੇ ਸਹਿਮਤੀ ਜਤਾਈ ਹੈ।
ਇਸ ਸਮੂਹ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ ਅਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ, ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦੇ ਚਾਰ ਵਰਕਿੰਗ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗੋਇਲ ਤੇ ਪਰਗਟ ਸਿੰਘ ਤੋਂ ਇਲਾਵਾ ਇਸ ਸਮੂਹ ਦੇ ਮੈਂਬਰ ਹੋਣਗੇ।
ਇਹ ਫੈਸਲਾ ਅੱਜ ਸਵੇਰੇ ਉਦੋਂ ਲਿਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ ਅਤੇ ਪਰਗਟ ਸਿੰਘ ਸਮੇਤ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਤਾਂ ਜੋ ਪੰਜਾਬ ਨਾਲ ਜੁੜੇ ਮੁੱਦਿਆਂ ਅਤੇ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ ਕਦਮ ਚੁੱਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
ਇਸ ਸਮੂਹ ਵੱਲੋਂ ਹੋਰ ਮੰਤਰੀਆਂ ਅਤੇ ਮਾਹਰਾਂ ਦੇ ਲੋੜ ਅਨੁਸਾਰ ਸਲਾਹ ਮਸ਼ਵਰੇ ਨਾਲ ਹਫਤਾਵਾਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨਾਂ ਮੀਟਿੰਗਾਂ ਵਿੱਚ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਰਹੀਆਂ ਵੱਖੋ-ਵੱਖ ਪਹਿਲਕਦਮੀਆਂ ਬਾਰੇ ਵਿਚਾਰ ਚਰਚਾ ਅਤੇ ਸਮੀਖਿਆ ਹੋਵੇਗੀ ਅਤੇ ਇਸ ਤੋਂ ਇਲਾਵਾ ਇਨਾਂ ਵਿੱਚ ਤੇਜ਼ੀ ਲਿਆਉਣ ਸਬੰਧੀ ਸੁਝਾਅ ਵੀ ਦਿੱਤੇ ਜਾਣਗੇ।
ਇਕ ਹੋਰ ਫੈਸਲੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਦੇ ਸਹਿਯੋਗੀਆਂ ਨੂੰ ਪ੍ਰਤੀ ਦਿਨ ਪੰਜਾਬ ਕਾਂਗਰਸ ਭਵਨ ਵਿੱਚ ਵਾਰੋ-ਵਾਰ ਮੌਜੂਦ ਰਹਿਣ ਲਈ ਕਿਹਾ ਹੈ ਤਾਂ ਜੋ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਉਨਾਂ ਦੇ ਹਲਕਿਆਂ/ਇਲਾਕਿਆਂ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰ ਕੇ ਕਿਸੇ ਵੀ ਸ਼ਿਕਾਇਤ ਨੂੰ ਦੂਰ ਕੀਤਾ ਜਾ ਸਕੇ।
ਇਕ ਮੰਤਰੀ ਕਾਂਗਰਸ ਭਵਨ ਵਿਖੇ ਸੋਮਵਾਰ ਤੋਂ ਤਿੰਨ ਘੰਟਿਆਂ (ਸਵੇਰੇ 11:00 ਤੋਂ ਦੁਪਹਿਰ 02:00) ਵਜੇ ਤੱਕ ਮੌਜੂਦ ਰਹੇਗਾ ਅਤੇ ਜੇਕਰ ਕਿਸੇ ਖਾਸ ਦਿਨ ਲਈ ਤਾਇਨਾਤ ਮੰਤਰੀ ਕਿਸੇ ਕਾਰਨ ਉੱਥੇ ਮੌਜੂਦ ਰਹਿਣ ’ਚ ਅਸਮਰੱਥ ਰਹਿੰਦੇ ਹਨ, ਤਾਂ ਉਹ ਕਿਸੇ ਹੋਰ ਮੰਤਰੀ ਨਾਲ ਸਲਾਹ ਕਰ ਕੇ ਆਪਣਾ ਬਦਲ ਮੁਹੱਈਆ ਕਰਵਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧ ਹਫਤੇ ਵਿੱਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਹੋਵੇਗਾ। ਉਨਾਂ ਅੱਗੇ ਕਿਹਾ ਕਿ ਇਸ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨਾਂ ਦੀ ਸਰਕਾਰ ਅਤੇ ਪਾਰਟੀ ਦੇ ਅਹੁਦੇਦਾਰਾਂ ਦਰਮਿਆਨ ਬਿਹਤਰ ਤਾਲਮੇਲ ਬਣੇਗਾ।
ਘਰ ਬੈਠੇ ਹੀ ਵੱਖ -ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਅਰਜੀ ਦੇ ਸਕਦੇ ਹਨ,ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਲਾਂਚ: ਬਾਜਵਾ
ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ: ਤਿ੍ਰਪਤ ਰਾਜਿੰਦਰ ਸਿੰਘ ਬਾਜਵਾ
ਵਿਦਿਆਰਥੀ ਘਰ ਬੈਠੇ ਹੀ ਵੱਖ -ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਅਰਜੀ ਦੇ ਸਕਦੇ ਹਨ
ਚੰਡੀਗੜ, 20 ਅਗਸਤ
ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ, ਤੇਜ ਅਤੇ ਸੁਖਾਲਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਦਾਖ਼ਲਿਆਂ ਲਈ ਇੱਕ ਇੰਟੀਗ੍ਰੇਟਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 19 ਅਗਸਤ, 2021 ਨੂੰ ਸ਼ੁਰੂ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਹੁਣ ਵਿਦਿਆਰਥੀ ਘਰ ਬੈਠੇ ਹੀ ਵੱਖ -ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ ਅਤੇ ਨਾਲ ਹੀ ਉਨਾਂ ਨੂੰ ਆਪਣੇ ਪਸੰਦੀਦਾ ਕਾਲਜਾਂ ਵਿੱਚ ਨਿੱਜੀ ਤੌਰ ‘ਤੇ ਜਾਣ ਅਤੇ ਪ੍ਰਾਸਪੈਕਟਸ ਖਰੀਦਣ ਦੀ ਲੋੜ ਨਹੀਂ ਹੋਵੇਗੀ। ਹੁਣ ਵਿਦਿਆਰਥੀ ਆਪਣੇ ਮੋਬਾਈਲ ‘ਤੇ ਆਨਲਾਈਨ ਫਾਰਮ ਭਰ ਕੇ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਪਹਿਲਾਂ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਦਾਖ਼ਲਾ ਪ੍ਰਕਿਰਿਆ ਸਪਸਟ ਨਹੀਂ ਸੀ। ਦਾਖ਼ਲਾ ਪ੍ਰਕਿਰਿਆ ਬਹੁਤ ਗੁੰਝਲਦਾਰ ਸੀ ਅਤੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪੋਰਟਲਾਂ ‘ਤੇ ਅਪਲਾਈ ਕਰਨ ਵਿੱਚ ਕਈ ਦਿੱਕਤਾਂ ਦਰਪੇਸ਼ ਆਉਂਦੀਆਂ ਸਨ।
ਉਨਾਂ ਦੱਸਿਆ ਕਿ ਹਰ ਤਰਾਂ ਦੇ ਦਾਖ਼ਲਿਆਂ ਲਈ ਇੰਟੀਗ੍ਰੇਟਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਨੂੰ ਸ਼ੁਰੂ ਕਰਨਾ ਸਮੇਂ ਦੀ ਲੋੜ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਇੱਕ ਯੂਨੀਫਾਈਡ ਸਟੇਟ ਐਡਮਿਸ਼ਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਕਾਮਨ ਦਾਖ਼ਲਾ ਪੋਰਟਲ ਦੀਆਂ ਪ੍ਰਮੁੱਖ ਵਿਸੇਸਤਾਵਾਂ ਵਿੱਚ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿਚਲੇ ਸਾਰੇ ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਇਕੋ ਦਾਖ਼ਲਾ ਪਲੇਟਫਾਰਮ ਮੁਹੱਈਆ ਕਰਵਾਉਣਾ, 100 ਫ਼ੀਸਦ ਸੰਪਰਕ ਰਹਿਤ ਦਾਖ਼ਲਾ (ਬਿਨੈਕਾਰਾਂ ਨੂੰ ਦਾਖ਼ਲੇ ਲਈ ਕਿਸੇ ਵੀ ਕਾਲਜ ਵਿੱਚ ਨਿੱਜੀ ਤੌਰ ‘ਤੇ ਜਾਣਾ ਨਹੀਂ ਪਵੇਗਾ), ਕਈ ਕਾਲਜਾਂ ਲਈ ਸਿਰਫ਼ ਇੱਕ ਅਰਜੀ ਫਾਰਮ (ਭਾਵ ਬਿਨੈਕਾਰਾਂ ਨੂੰ ਅਰਜੀ ਫਾਰਮ ਭਰਨ ਲਈ ਵੱਖਰੇ ਤੌਰ ‘ਤੇ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਘੁੰਮਣਾ ਨਹੀਂ ਪਵੇਗਾ), ਅਰਜੀ ਫਾਰਮ ਦੀ ਫਿਕਸਡ ਫੀਸ ਸਿਰਫ਼ 200 ਰੁਪਏ (ਬਿਨੈਕਾਰਾਂ ਨੂੰ ਅਪਲਾਈ ਕਰਦੇ ਸਮੇਂ ਹਰ ਕਾਲਜ ਵਿੱਚ ਵੱਖਰੇ ਤੌਰ ‘ਤੇ ਪ੍ਰਾਸਪੈਕਟਸ ਫੀਸ ਨਹੀਂ ਦੇਣੀ ਪਵੇਗੀ), ਬਿਨੈਕਾਰਾਂ ਦੀ ਸੰਪਰਕ ਰਹਿਤ ਤਸਦੀਕ (ਸਟੇਟ ਪੋਰਟਲ ਡਿਜੀਲਾਕਰ ਜ਼ਰੀਏ ਸਾਰੇ ਰਾਜ ਬੋਰਡਾਂ ਅਤੇ ਸੀਬੀਐਸਈ ਨਾਲ ਜੁੜਿਆ ਹੋਇਆ ਹੈ), ਇਸ ਲਈ ਮੈਨੂਅਲ ਤਸਦੀਕ ਦੀ ਲੋੜ ਨਹੀਂ, ਸ਼ਾਮਲ ਹਨ। ਇਸੇ ਤਰਾਂ ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਅਤੇ ਬਿਨੈਕਾਰ ਦੀ ਰਿਹਾਇਸ਼ ਸਬੰਧੀ ਸਰਟੀਫਿਕੇਟ ਢਾਂਚਾਗਤ ਪੋਰਟਲ ਜ਼ਰੀਏ ਸਵੈ -ਤਸਦੀਕ ਹੋ ਜਾਂਦੇ ਹਨ ਅਤੇ ਰਾਜ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਫ਼ੀਸ ਨਿਰਧਾਰਤ ਕੀਤੀ ਜਾਂਦੀ ਹੈ।
ਪੰਜਾਬ ’ਚ ਹੁਣ 630 ਰੁਪਏ ਵਿੱਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ
ਪੰਜਾਬ ’ਚ ਹੁਣ 630 ਰੁਪਏ ਵਿੱਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ
ਮੁੱਖ ਸਕੱਤਰ ਵੱਲੋਂ ਆਂਗਣਵਾੜੀ ਕੇਂਦਰਾਂ ’ਚ ਟੂਟੀ ਰਾਹੀਂ ਸਾਫ਼ ਪਾਣੀ ਅਤੇ ਪਖਾਨਿਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਆਦੇਸ਼
ਚੰਡੀਗੜ੍ਹ, 20 ਅਗਸਤ
ਸੂਬੇ ਵਿੱਚ ਪੀਣ ਵਾਲੇ ਪਾਣੀ ਦੀ ਕਿਫ਼ਾਇਤੀ ਰੇਟ ਉਤੇ ਸਹੀ ਤੇ ਭਰੋਸੇਯੋਗ ਜਾਂਚ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਸਰਕਾਰੀ ਲੈਬਾਰਟਰੀਆਂ ਵਿੱਚ ਪਾਣੀ ਦੀ ਗੁਣਵੱਤਾ ਸਬੰਧੀ ਸੂਚੀਬੱਧ ਕੀਤੇ 18 ਟੈਸਟਾਂ ਦੀ ਫੀਸ 630 ਰੁਪਏ ਤੈਅ ਕਰ ਦਿੱਤੀ ਗਈ ਹੈ।
ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਸਟੇਟ ਵਾਟਰ ਐਂਡ ਸੈਨੀਟੇਸ਼ਨ ਮਿਸ਼ਨ ਦੀ ਸੰਚਾਲਨ ਕਮੇਟੀ (ਐਸ.ਸੀ.ਐਸ.ਡਬਲਿਊ.ਐਸ.ਐਮ.) ਦੀ ਦੂਜੀ ਮੀਟਿੰਗ ਦੌਰਾਨ ਲਿਆ ਗਿਆ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਇਹ ਪਹਿਲਕਦਮੀ ਨਾਗਰਿਕਾਂ ਨੂੰ ਪੀਣ ਵਾਲੇ ਪਾਣੀ ਦੀ ਕਿਫਾਇਤੀ ਰੇਟ ਉਤੇ ਜਾਂਚ ਤੇ ਨਿਗਰਾਨੀ ਦੀ ਭਰੋਸੇਮੰਦ ਸਹੂਲਤ ਮੁਹੱਈਆ ਕਰਵਾਏਗੀ। ਉਨਾਂ ਨੇ ਸਬੰਧਤ ਵਿਭਾਗਾਂ ਨੂੰ ਇਸ ਸਾਲ ਦੇ ਅੰਤ ਤੱਕ ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਟੂਟੀ ਰਾਹੀਂ ਸਾਫ਼ ਪਾਣੀ ਦੀ ਸਪਲਾਈ ਅਤੇ ਪਖਾਨਿਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।
ਸੰਚਾਲਨ ਕਮੇਟੀ ਨੇ ਪਾਣੀ ਦੀ ਗੁਣਵੱਤਾ ਨੂੰ ਬਰਕਰਾਰ ਲਈ ਵਾਟਰ ਕੁਆਲਿਟੀ ਕੋਸ਼ ਨੂੰ ਹਰੀ ਝੰਡੀ ਦਿੱਤੀ। ਸੰਚਾਲਨ ਕਮੇਟੀ ਨੇ ਮੋਗਾ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ 600 ਪਿੰਡਾਂ ਵਿੱਚ ਸਮਾਜਿਕ ਅਤੇ ਜਾਗਰੂਕਤਾ ਗਤੀਵਿਧੀਆਂ ਲਈ ਰੀਵਾਈਵਿੰਗ ਗਰੀਨ ਰੈਵੋਲੂਸ਼ਨ ਸੈੱਲ (ਟਾਟਾ ਟਰੱਸਟਾਂ ਤੋਂ ਸਮਰਥਨ ਪ੍ਰਾਪਤ) ਨਾਲ ਸਮਝੌਤਾ ਸਹੀਬੱਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਤਾਂ ਜੋ ਪੰਚਾਇਤੀ ਰਾਜ ਸੰਸਥਾਵਾਂ ਦੀ ਮਦਦ ਕਰਕੇ ਜਲ ਸਪਲਾਈ ਯੋਜਨਾਵਾਂ ਦੇ ਪ੍ਰਬੰਧਨ ਵਿੱਚ ਉਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ।
ਸੰਚਾਲਨ ਕਮੇਟੀ ਵੱਲੋਂ ਸੰਬੰਧਤ ਡਿਪਟੀ ਕਮਿਸ਼ਨਰਾਂ ਅਧੀਨ ਜ਼ਿਲ੍ਹਾ ਜਲ ਤੇ ਸੈਨੀਟੇਸ਼ਨ ਮਿਸ਼ਨਾਂ ਨੂੰ ਚਾਲੂ ਕਰਨ ਲਈ ਸਹਾਇਤਾ ਫੰਡ ਮੁਹੱਈਆ ਕਰਵਾਉਣ ਅਤੇ ਸ਼ਕਤੀਆਂ ਦੇਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਉਹਨਾਂ ਦੇ ਆਪਣੇ ਪੱਧਰ 'ਤੇ ਬਾਕੀ ਬਚੇ ਪਾਈਪਾਂ ਵਾਲੇ ਪਾਣੀ ਦੇ ਕੁਨੈਕਸ਼ਨਾਂ ਦੀ ਕਵਰੇਜ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਮਰੱਥ ਬਣਾਇਆ ਜਾ ਸਕੇ।
ਇਸ ਤੋਂ ਇਲਾਵਾ, ਕੇਂਦਰੀ ਫੰਡਾਂ ਨੂੰ ਤੇਜ਼ੀ ਨਾਲ ਪ੍ਰਾਜੈਕਟ ਲਾਗੂਕਰਨ ਏਜੰਸੀਆਂ ਨੂੰ ਤਬਦੀਲ ਕਰਨ ਵਾਸਤੇ ਜੇ.ਜੇ.ਐਮ. ਅਤੇ ਐਸ.ਬੀ.ਐਮ. ਲਈ ਐਸਕ੍ਰੋਵਡ ਸਿੰਗਲ ਨੋਡਲ ਅਕਾਊਂਟ ਖੋਲਣ ਨੂੰ ਪ੍ਰਵਾਨਗੀ ਦਿੱਤੀ ਗਈ।
ਸੰਚਾਲਨ ਕਮੇਟੀ ਨੂੰ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਤੇ ਘਰੇਲੂ ਪਖਾਨਿਆਂ ਦੇ ਨਿਰਮਾਣ, ਸਵੱਛਗ੍ਰਹਿਾਂ ਦੀ ਭੂਮਿਕਾ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਨਾਲ ਨਾਲ ਐਸ.ਬੀ.ਐਮ. ਦੀ ਸਾਲਾਨਾ ਕਾਰਜ ਯੋਜਨਾ ਬਾਰੇ ਜਾਣੂ ਕਰਵਾਇਆ ਗਿਆ, ਜਿਸ ਨੂੰ ਸੰਚਾਲਨ ਕਮੇਟੀ ਵੱਲੋਂ ਨੋਟਿਡ ਅਤੇ ਪ੍ਰਵਾਨ ਕਰ ਲਿਆ ਗਿਆ।
ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਕੇ.ਏ.ਪੀ. ਸਿਨਹਾ (ਵਿੱਤ), ਅਲੋਕ ਸ਼ੇਖਰ (ਸਿਹਤ ਅਤੇ ਪਰਿਵਾਰ ਭਲਾਈ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ) ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਹਾਜ਼ਰ ਸਨ।
ਡੱਬੀ
ਕੋਵਿਡ ਖ਼ਿਲਾਫ਼ ਲੜਾਈ ਲਈ 3000 ਹੋਰ ਆਕਸੀਜਨ ਕੰਸਨਟ੍ਰੇਟਰ ਖਰੀਦੇ
ਸੰਚਾਲਨ ਕਮੇਟੀ ਦੀ ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਕਿ ਸੂਬੇ ਵਿੱਚ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਵਿਸ਼ਵ ਬੈਂਕ ਦੀ ਮਦਦ ਨਾਲ ਖਰੀਦੇ ਗਏ 3000 ਆਕਸੀਜਨ ਕੰਸੰਟਰੇਟਰ ਪੀ.ਐਚ.ਐਸ.ਸੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਇਹ ਆਕਸੀਜਨ ਕੰਸੰਟਰੇਟਰ ਪੀ.ਐਚ.ਐਸ.ਸੀ. ਵੱਲੋਂ ਸੂਬੇ ਦੀਆਂ ਸਿਹਤ ਸੰਸਥਾਵਾਂ ਨੂੰ ਦੇ ਦਿੱਤੇ ਗਏ ਹਨ। ਸ੍ਰੀਮਤੀ ਵਿਨੀ ਮਹਾਜਨ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਨਾਂ ਆਕਸੀਜਨ ਕੰਸਨਟ੍ਰੇਟਰਾਂ ਦੀ ਕਾਰਜਕੁਸ਼ਲਤਾ ਦਾ ਮੁਲਾਂਕਣ ਕਰਨ ਅਤੇ ਇਹਨਾਂ ਦੇ ਰੱਖ-ਰਖਾਵ ਸਬੰਧੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
Mutual transfer: ਸਿੱਖਿਆ ਵਿਭਾਗ ਵੱਲੋਂ ਆਪਸੀ ਬਦਲੀਆਂ ਲਈ ਅਧਿਆਪਕਾਂ ਤੋਂ ਅਰਜ਼ੀਆਂ ਮੰਗੀਆਂ
HT AND CHT RECRUITMENT: ਸਿੱਖਿਆ ਵਿਭਾਗ ਵੱਲੋਂ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਜਲਦੀ ਕਰੋ ਅਪਲਾਈ