Labels
Tuesday, 23 March 2021
ਅਧਿਆਪਕ ਯੂਨੀਅਨ ਪ੍ਰਧਾਨ ਵਰਿੰਦਰ ਵੋਹਰਾ ਤੇ ਸੁਖਰਾਜ ਸਿੰਘ ਸਿੱਖਿਆ ਵਿਭਾਗ ‘ਚੋਂ ਮੁਅੱਤਲ
ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਵਰਿੰਦਰ ਵੋਹਰਾ ਅਤੇ ਜਨਰਲ ਸਕੱਤਰ ਸੁਖਰਾਜ ਸਿੰਘ ਅੰਮ੍ਰਿਤਸਰ ਨੂੰ ਸਿੱਖਿਆ ਵਿਭਾਗ ‘ਚੋਂ ਮੁਅੱਤਲ ਕੀਤਾ ਗਿਆ ਹੈ।ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਸਤਖਤਾਂ ਹੇਠ ਜਾਰੀ ਪੱਤਰ ਅਨੁਸਾਰ ਦੋਹਾਂ ਅਧਿਆਪਕ ਆਗੂਆਂ ਨੂੰ ਮੁਅੱਤਲ ਕੀਤਾ ਗਿਆ ਹੈ । ਮੁਅੱਤਲ ਕੀਤੇ ਯੂਨੀਅਨ ਦੇ ਪ੍ਰਧਾਨ ਵਰਿੰਦਰ ਵੋਹਰਾ ਦਾ ਹੈੱਡਕੁਆਟਰ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ ਅਤੇ ਜਨਰਲ ਸਕੱਤਰ ਸੁਖਰਾਜ ਸਿੰਘ ਦਾ ਹੈੱਡਕੁਆਟਰ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਠਾਨਕੋਟ ਬਣਾਇਆ ਗਿਆ ਹੈ।
ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਪੱਧਰ ਤੇ ਮੀਡੀਆ ਇੰਚਾਰਜ ਲਗਾਉਣ ਦੇ ਨਿਰਦੇਸ਼
ਲੁਧਿਆਣਾ 23 ਮਾਰਚ (ਅੰਜੂ ਸੂਦ )-ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਪੱਧਰ ਤੇ ਮੀਡੀਆ ਇੰਚਾਰਜ ਲਗਾਉਣ ਦੇ ਨਿਰਦੇਸ਼
- ਸਿੱਖਿਆ ਵਿਭਾਗ ਦੀਆਂ ਵਿਦਿਆਰਥੀ ਹਿੱਤ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ
ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਤੇ ਬੁਨਿਆਦੀ ਢਾਂਚੇ ਨੂੰ ਕੌਮਾਂਤਰੀ ਪੱਧਰ ਦੀ ਦਿੱਖ ਦਿਤੀ ਜਾਣ ਲਰੀ ਵੱਖ ਵੱਖ ਪਹਿਲੂਆਂ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਵਿਭਾਗ ਵਲੋਂ ਵੱਡੀ ਪੱਧਰ ਤੇ ਵਿਦਿਆਰਥੀ ਹਿੱਤ ਵਿੱਚ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿੰਨਾਂ ਨੂੰ ਘਰ ਘਰ ਪਹੁੰਚਾਉਣ ਲਈ ਸਕੂਲ ਪੱਧਰ ਤੇ ਵਿਭਾਗ ਵਲੋਂ ਮੀਡੀਆ ਇੰਚਾਰਜ ਲਗਾਏ ਜਾਣ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਲੁਧਿਆਣਾ ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਜਲਾਜਣ(ਸੈ.ਸਿੱ)ਲੁਧਿਆਣਾ ਤੇ ਰਾਜਿੰਦਰ ਕੌਰ ਜ਼ਿਲ਼੍ਹਾ ਸਿੱਖਿਆ ਅਫਸਰ (ਐਸ.ਸਿੱ) ਲੁਧਿਆਣਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ(ਐ. ਸਿੱ) ਲੁਧਿਆਣਾ ਵਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ ਵਿਦਿਅਕ ਤੇ ਸਹਿ-ਵਿਦਿਅਕ ਕਿਰਿਆਵਾਂ ਵੱਡੇ ਪੱਧਰ ਤੇ ਕਰਵਾਈਆਂ ਜਾਂਦੀਆਂ ਹਨ, ਇਸਦੇ ਨਾਲ ਨਾਲ ਸਿੱਖਿਆ ਵਿਭਾਗ ਵਲੋਂ ਸਕੂਲ ਪੱਧਰ ਤੇ ਬਹੁਤ ਸਾਰੀਆਂ ਗਤiੀਵਧੀਆਂ ਕਰਵਾਈਆਂ ਜਾਂਦੀਆਂ ਹਨ ਜ਼ਿੰਨਾਂ ਵਿੱਚ ਈਕੋ ਕਲੱਬ, ਇੰਗਲਿਸ਼ ਬੂਸਟਰ ਕਲੱਬ, ਸਕਾਊਟ ਐਂਡ ਗਾਈਡ, ਐੱਨ. ਐਸ.ਐਸ. ਸਮੇਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਤੇ ਕਿਤਾਬਾਂ, ਮੁਫਤ ਦੁਪਹਿਰ ਦਾ ਭੋਜਨ, ਅੰਗਰੇਜੀ ਮਾਧਿਅਮ ਵਿੱਚ ਸਿੱਖਿਆ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਕਲਾਸਾਂ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿੰਨਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਸੋਸ਼ਲ ਅਤੇ ਪ੍ਰਿੰਟ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ।ਜਿਸ ਲਈ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਤੇ ਸਰਕਾਰੀ ਹਾਈ ਸਕੂਲ ਵਿੱਚ ਮੀਡੀਆ ਇੰਚਾਰਜ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪੱਧਰ ਤੇ ਮੀਡੀਆ ਇੰਚਾਰਜ ਲਗਾਉਣ ਸਮੇਂ ਨਾਨ-ਟੀਚਿੰਗ ਸਟਾਫ ਐਸ.ਐੱਲ.ਏ., ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਨੂੰ ਪਹਿਲ ਦਿਤੀ ਜਾਵੇਗੀ ਤਾਂ ਜੋ ਸਕੂਲੀ ਸਿੱਖਿਆ ਵੀ ਪ੍ਰਭਾਵਿਤ ਨਾ ਹੋ ਸਕੇ। ਸਿੱਖਿਆ ਅਧਿਕਾਰੀਆਂ ਦੱਸਿਆ ਕਿ ਇਸ ਨਾਲ ਸਿੱਖਿਆ ਵਿਭਾਗ ਦੀਆਂ ਨੀਤੀਆਂ ਨੂੰ ਜਨ ਜਨ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕੇਗਾ।
‘ਆਜੋ ਚੱਲੀਏ ਸਕੂਲ ਸਰਕਾਰੀ' ਗੀਤ ਸਿੱਖਿਆ ਸਕੱਤਰ ਵੱਲੋਂ ਕੀਤਾ ਗਿਆ ਰਿਲੀਜ਼
ਐੱਸ.ਏ.ਐੱਸ. ਨਗਰ 23 ਮਾਰਚ ( ਪ੍ਰਮੋਦ ਭਾਰਤੀ )‘ਆਜੋ ਚੱਲੀਏ ਸਕੂਲ ਸਰਕਾਰੀ' ਗੀਤ ਸਿੱਖਿਆ ਸਕੱਤਰ ਵੱਲੋਂ ਕੀਤਾ ਗਿਆ ਰਿਲੀਜ਼
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਦੀ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੀ ਚਰਚਾ ਹਰ ਪਾਸੇ ਹੈ। ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਆਧੁਨਿਕ ਤਕਨੀਕਾਂ ਨਾਲ ਗੁਣਾਤਮਕ ਸਿੱਖਿਆ ਦੀ ਤਰਜਮਾਨੀ ਕਰਦਾ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਦਾ, ਤਰਨਤਾਰਨ ਜ਼ਿਲ੍ਹੇ ਦੇ ਅਧਿਆਪਕ ਪੇ੍ਮ ਸਿੰਘ ਦੁਆਰਾ ਲਿਖਿਆ ਤੇ ਗਾਇਆ ਗੀਤ ‘ਆਜੋ ਚੱਲੀਏ ਸਕੂਲ ਸਰਕਾਰੀ' ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਮੁੱਖ ਦਫ਼ਤਰ ਵਿਖੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਿੱਖਿਆ ਸਕੱਤਰ ਨੇ ਪ੍ਰੇਮ ਸਿੰਘ ਦੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਲਿਖਣ ਤੇ ਗਾਉਣ ਵਾਲੇ ਪ੍ਰੇਮ ਸਿੰਘ ਬਹੁਤ ਹੀ ਮਿਹਨਤੀ, ਸਮਰਪਿਤ ਤੇ ਯੋਗ ਅਧਿਆਪਕ ਹਨ ਜੋ ਸਰਕਾਰੀ ਪ੍ਰਾਇਮਰੀ ਸਕੂਲ ਰਾਇਪੁਰ ਬਲੀਮ ਜ਼ਿਲ੍ਹਾ ਤਰਨਤਾਰਨ ਵਿਖੇ ਸੇਵਾ ਨਿਭਾ ਰਹੇ ਹਨ ਅਤੇ ਇਸਦੇ ਨਾਲ-ਨਾਲ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਤਰਨਤਾਰਨ ਵਜੋਂ ਵੀ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਹੇ ਹਨ।
ਇਸ ਗੀਤ ਵਿੱਚ ਗੀਤਕਾਰ ਅਧਿਆਪਕ ਵੱਲੋਂ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ ਦੀਆਂ ਸੁੰਦਰ ਇਮਾਰਤਾਂ, ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਵੱਖ-ਵੱਖ ਤਕਨੀਕਾਂ ਦੁਆਰਾ ਗੁਣਾਤਮਕ ਸਿੱਖਿਆ, ਮਿਹਨਤੀ ਅਤੇ ਯੋਗ ਅਧਿਆਪਕਾਂ, ਸਮਾਰਟ ਕਲਾਸਰੂਮਾਂ, ਕੰਪਿਊਟਰ ਸਿੱਖਿਆ, ਈ-ਕੰਟੈਂਟ ਦੀ ਵਰਤੋਂ, ਪ੍ਰੋਜੈਕਟਰਾਂ/ਐੱਲ.ਈ.ਡੀਜ਼ ਦੀ ਵਰਤੋਂ, ਸਕੂਲਾਂ ਦੇ ਸੋਹਣੇ ਫ਼ਰਨੀਚਰ, ਵਿਦਿਆਰਥੀਆਂ ਦੀਆਂ ਸਮਾਰਟ ਵਰਦੀਆਂ, ਪ੍ਰੀ-ਪ੍ਰਾਇਮਰੀ ਸਿੱਖਿਆ, ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਵਿਦਿਆਰਥੀਆਂ ਲਈ ਸੁੰਦਰ ਝੂਲਿਆਂ, ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਖੇਡ ਵਿਧੀ ਰਾਹੀਂ ਪੜ੍ਹਾਈ, ਸੁੰਦਰ ਬਾਲਾ ਵਰਕ, ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਸੁਵਿਧਾਵਾਂ ਜਿਵੇਂ ਮਿਡ-ਡੇ-ਮੀਲ, ਮੁਫ਼ਤ ਕਿਤਾਬਾਂ, ਵਜ਼ੀਫ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗੀਤ ਦੁਆਰਾ, ਗੀਤਕਾਰ ਅਧਿਆਪਕ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਮੋਦ ਭਾਰਤੀ, ਸਪੋਕਸਪਰਸਨ ਸਿੱਖਿਆ ਵਿਭਾਗ, ਡਾ. ਸੁਖਦਰਸ਼ਨ ਸਿੰਘ ਚਹਿਲ ਸਪੋਕਸਪਰਸਨ ਸਿੱਖਿਆ ਵਿਭਾਗ ਅਤੇ ਗੁਰਕ੍ਰਿਪਾਲ ਸਿੰਘ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੈਰੋਂ ਜ਼ਿਲ੍ਹਾ ਤਰਨਤਾਰਨ ਹਾਜ਼ਰ ਸਨ।
ਪੰਜਾਬ ਦੇ ਦਫਤਰ ਅਧੇ ਦਿਨ ਲਈ ਬੰਦ
ਟਕਸਾਲੀ ਕਾਂਗਰਸੀ ਆਗੂ ਤੇ ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦਾ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਸ: ਅਬੁਲ ਖੁਰਾਣਾ ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ, ਜਿਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੇ ਗ੍ਰਹਿ ਵਿਖੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ 24 ਮਾਰਚ (ਬੁੱਧਵਾਰ) ਨੂੰ ਪਿੰਡ ਅਬੁਲ ਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ। ਜਿਨ੍ਹਾਂ ਦੀ ਮੌਤ 'ਤੇ ਸ਼ੋਕ ਵਜੋਂ ਪੰਜਾਬ ਦੇ ਦਫਤਰ ਅੱਧੇ ਦਿਨ ਲਈ ਬੰਦ ਕੀਤੇ ਗਏ ਹਨ।